ਪਾਕਿ 'ਚ ਵਕੀਲਾਂ ਤੇ ਵਪਾਰੀਆਂ ਦਾ ਰੋਸ ਪ੍ਰਦਰਸ਼ਨ
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਾਹੀਵਾਲ ਸ਼ਹਿਰ ਵਿਚ ਸ਼ਨੀਵਾਰ ਨੂੰ ਹੋਏ ਫਰਜ਼ੀ ਪੁਲਸ ਮੁਕਾਬਲੇ ਨੂੰ ਲੈ ਕੇ ਪੂਰੇ ਸੂਬੇ ਵਿਚ ਗੁੱਸਾ ਹੈ.......
ਲਾਹੌਰ : ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਾਹੀਵਾਲ ਸ਼ਹਿਰ ਵਿਚ ਸ਼ਨੀਵਾਰ ਨੂੰ ਹੋਏ ਫਰਜ਼ੀ ਪੁਲਸ ਮੁਕਾਬਲੇ ਨੂੰ ਲੈ ਕੇ ਪੂਰੇ ਸੂਬੇ ਵਿਚ ਗੁੱਸਾ ਹੈ। ਸੋਮਵਾਰ ਨੂੰ ਸੂਬੇ ਵਿਚ ਵਕੀਲਾਂ ਅਤੇ ਵਪਾਰੀਆਂ ਨੇ ਪ੍ਰਦਰਸ਼ਨ ਕੀਤਾ। ਪਾਕਿਸਤਾਨ ਦੀ ਇਕ ਸਮਾਚਾਰ ਏਜੰਸੀ ਮੁਤਾਬਕ ਬਹਾਵਲਪੁਰ, ਬਹਿਵਲਪੁਰਨਗਰ, ਮੁਜ਼ੱਫਰਗੜ੍ਹ, ਬੇਹਾਰੀ, ਖਾਨੇਵਾਲ ਅਤੇ ਡੇਰਾ ਗਾਜ਼ੀ ਖਾਨ ਵਿਚ ਬਾਰ ਐਸੋਸੀਏਸ਼ਨ ਨੇ ਮੁਕਾਬਲੇ ਵਿਚ ਹੋਈਆਂ ਮੌਤਾਂ ਵਿਰੁੱਧ ਹੜਤਾਲ ਕੀਤੀ। ਕਮਾਲੀਆ, ਟੋਭਾ ਟੇਕ ਸਿੰਘ ਵਿਚ ਵੀ ਹੜਤਾਲ ਕੀਤੀ ਗਈ। ਵਕੀਲ ਮੁਕਾਬਲੇ ਵਿਚ ਹੋਈਆਂ ਮੌਤਾਂ ਲਈ ਜ਼ਿੰਮੇਵਾਰ ਮੁਲਾਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।
ਪੇਸ਼ਾਵਰ ਵਿਚ ਵੀ ਵਕੀਲ ਖੈਬਰ ਪਖਤੂਨਖਵਾ ਬਾਰ ਕੌਂਸਲ ਦੀ ਅਪੀਲ 'ਤੇ ਹਾਈ ਕੋਰਟ ਅਤੇ ਸਥਾਨਕ ਅਦਾਲਤਾਂ ਦੀ ਕਾਰਵਾਈ ਦਾ ਬਾਈਕਾਟ ਕਰ ਰਹੇ ਹਨ। ਬੁਰੇਵਾਲਾ ਅਤੇ ਬੇਹਾਰੀ ਵਿਚ ਵਪਾਰੀਆਂ ਨੇ ਹੜਤਾਲ ਕੀਤੀ ਹੋਈ ਹੈ। ਗੌਰਤਲਬ ਹੈ ਕਿ ਸਾਹੀਵਾਲ ਵਿਚ ਸ਼ਨੀਵਾਰ ਨੂੰ ਹੋਏ ਕਥਿਤ ਮੁਕਾਬਲੇ ਵਿਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ ਸੀ। ਪਾਕਿਸਤਾਨ ਦੇ ਅੱਤਵਾਦ ਵਿਰੋਧੀ ਵਿਭਾਗ (ਸੀ.ਟੀ.ਡੀ.) ਨੇ ਕਿਹਾ ਕਿ ਉਨ੍ਹਾਂ ਨੇ ਅੱਤਵਾਦੀ ਸੰਗਠਨ ਦਾਏਸ਼ ਦੇ ਕਮਾਂਡਰ ਸਮੇਤ ਤਿੰਨ ਹੋਰ ਨੂੰ ਢੇਰ ਕਰ ਦਿਤਾ।
ਘਟਨਾ ਦੇ ਚਸ਼ਮਦੀਦਾਂ ਅਤੇ ਤਿੰਨ ਬੱਚਿਆਂ ਨੇ ਸੀ.ਟੀ.ਡੀ. ਦੇ ਦਾਅਵੇ ਦੇ ਉਲਟ ਕਿਹਾ ਕਿ ਮੁਕਾਬਲੇ ਵਿਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭੈਣ ਨੂੰ ਗੋਲੀ ਮਾਰੀ ਗਈ। ਚਸ਼ਮਦੀਦਾਂ ਅਨੁਸਾਰ ਕਾਰ ਵਿਚ ਬੈਠੇ ਲੋਕਾਂ ਨੇ ਅਧਿਕਾਰੀਆਂ 'ਤੇ ਗੋਲੀਆਂ ਨਹੀਂ ਚਲਾਈਆਂ ਅਤੇ ਨਾ ਹੀ ਕਾਰ ਵਿਚੋਂ ਵਿਸਫ਼ੋਟਕ ਬਰਾਮਦ ਕੀਤੇ ਗਏ। ਪੰਜਾਬ ਦੇ ਮੁਖ ਮੰਤਰੀ ਉਸਮਾਨ ਬੁਜ਼ਦਾਰ ਦੇ ਆਦੇਸ਼ 'ਤੇ ਇਸ ਮੁਕਾਬਲੇ ਵਿਚ ਸ਼ਾਮਲ ਸੀ.ਟੀ.ਡੀ. ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। (ਪੀਟੀਆਈ)