ਪੰਜਾਬੀ ਭਾਸ਼ਾ ਦੀ ਹੋਂਦ ਨੂੰ ਬਚਾਉਣ ਲਈ ਲਹਿੰਦੇ ਪੰਜਾਬ 'ਚ ਮਾਂ ਦਿਵਸ ਮੌਕੇ ਦਿੱਤਾ ਜਾਵੇਗਾ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅੱਜ ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਪੰਜਾਬ ਹਾਊਸ ਵਿਚ ਸਮੂਹ ਪੰਜਾਬੀ ਜਥੇਬੰਦੀਆਂ ਦੇ ਇਕੱਠੇ ਹੋਏ ਆਗੂ

Photo

 

ਲਾਹੌਰ ( ਬਾਬਰ ਜਲੰਧਰੀ) ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਪੰਜਾਬ ਹਾਊਸ ਵਿਚ ਸਮੂਹ ਪੰਜਾਬੀ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 21 ਫਰਵਰੀ 2022 ਨੂੰ ਮਾਂ ਦਿਵਸ ਮੌਕੇ ਦੁਪਹਿਰ 12 ਵਜੇ ਪੰਜਾਬ ਅਸੈਂਬਲੀ ਦੇ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਵਿੱਚ ਨੌਜਵਾਨ ਇੱਕਜੁੱਟ ਹੋ ਕੇ ਆਪਣੇ ਹੱਕਾਂ ਦੀ ਗੱਲ ਕਰਨਗੇ। 

ਆਗੂਆਂ ਨੇ ਕਿਹਾ ਕਿ ਪੰਜਾਬੀ ਬੋਲੀ ਅਤੇ ਪੰਜਾਬ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ। ਪੰਜਾਬੀ ਬੋਲੀ ਨੂੰ ਖ਼ਤਮ ਕਰਨ ਲਈ ਅੰਗਰੇਜ਼ਾਂ ਦੇ ਸਮੇਂ ਤੋਂ ਜੋ ਸਾਜ਼ਿਸ਼ਾਂ ਚੱਲ ਰਹੀਆਂ ਹਨ, ਉਹ ਅਜੇ ਵੀ ਜਾਰੀ ਹਨ। ਇਸਨੂੰ ਖ਼ਤਮ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕ ਮੰਚ 'ਤੇ ਇਕੱਠੇ ਹੋਣਾ ਪਵੇਗਾ। ਅਸੀਂ ਪੰਜਾਬੀਆਂ ਨਾਲ ਹੋਣ ਵਾਲੀ ਦੁਸ਼ਮਣੀ ਅਤੇ ਪੱਖਪਾਤੀ ਸਲੂਕ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਹਰ ਮੰਚ 'ਤੇ ਆਪਣਾ ਕੇਸ ਲੜਾਂਗੇ।

 ਪੰਜਾਬ ਦੀ ਵੰਡ ਕਰਨ ਵਾਲਿਆਂ ਦਾ ਮੁਕਾਬਲਾ ਕਰਾਂਗੇ। ਵੰਡ ਦੀ ਸ਼ਾਜ਼ਿਸ ਕਰਨ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦੇਵਾਂਗੇ। ਆਗੂਆਂ ਦਾ ਕਹਿਣ ਸੀ ਕਿ ਪੰਜਾਬ 'ਤੇ ਵਿਦੇਸ਼ੀ ਬੋਲੀਆਂ ਅਤੇ ਬਿਆਨਬਾਜ਼ੀਆਂ ਥੋਪਣ ਦੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਹਾਊਸ ਵਿਖੇ ਇਕੱਤਰਤਾ ਦੀ ਮੇਜ਼ਬਾਨੀ ਪੰਜਾਬੀ ਮੀਡੀਆ ਗਰੁੱਪ ਦੇ ਵਾਈਸ ਚੇਅਰਮੈਨ ਅਤੇ ਪੰਜਾਬ ਹਾਊਸ ਬਿਲਾਲ ਮੁਦੱਸਿਰ ਬੱਟ ਨੇ ਕੀਤੀ।  

ਮੀਟਿੰਗ ਵਿਚ ਵੱਡੇ-ਵੱਡੇ ਆਗੂਆਂ ਨੇ ਸ਼ਿਰਕਤ ਕੀਤੀ ਜਿਸ ਵਿਚ ਅਹਿਮਦ ਰਜ਼ਾ, ਤਾਰਕ ਜਟਾਲਾ, ਬਾਬਾ ਨਜ਼ਮੀ, ਦੀਪ ਸੀਆਦਾ, ਮੀਆਂ ਆਸਫ਼ ਅਤੇ ਹੋਰ ਵੱਡੇ ਆਗੂਆਂ ਨੇ ਸ਼ਿਰਕਤ ਕੀਤੀ।