ਟਰੰਪ ਦੇ ਲਪੇਟੇ ਵਿਚ ਆਉਣਗੇ 18000 ਗੈਰ-ਕਾਨੂੰਨੀ ਭਾਰਤੀ, ਭਾਰਤ ਨੇ ਵੀ ਪ੍ਰਵਾਸੀਆਂ ਦੀ ਵਾਪਸੀ ਲਈ ਭਰਿਆ ਹੁੰਗਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੋਵਾਂ ਦੇਸ਼ਾਂ ਨੇ ਮਿਲ ਕੇ ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਦੀ ਕੀਤੀ ਪਛਾਣ

India Agrees To Take Back 18,000 Nationals From US

ਭਾਰਤ ਸਰਕਾਰ ਨੇ 18,000 ਗ਼ੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਵਾਪਸ ਲਿਆਉਣ ਦੀ ਤਿਆਰੀ ਕਰ ਲਈ ਹੈ। ਅਮਰੀਕਾ ਅਤੇ ਭਾਰਤ ਨੇ ਸਾਂਝੇ ਤੌਰ 'ਤੇ ਇਨ੍ਹਾਂ ਪ੍ਰਵਾਸੀਆਂ ਦੀ ਪਛਾਣ ਕੀਤੀ ਹੈ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ।

ਬਲੂਮਬਰਗ ਦੀ ਰਿਪੋਰਟ ਮੁਤਾਬਕ ਭਾਰਤ ਪਹਿਲਾਂ ਹੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲੈਣ 'ਚ ਸਹਿਯੋਗ ਦਿਖਾ ਰਿਹਾ ਹੈ। ਅਕਤੂਬਰ 2024 ਵਿੱਚ ਚਾਰਟਰ ਫ਼ਲਾਈਟ ਰਾਹੀਂ 100 ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਸੀ। ਚਾਰਟਰਡ ਉਡਾਣਾਂ ਰਾਹੀਂ ਕੁੱਲ 1100 ਤੋਂ ਵੱਧ ਲੋਕਾਂ ਨੂੰ ਲਿਆਂਦਾ ਗਿਆ ਹੈ। ਇੱਕ ਅੰਦਾਜ਼ੇ ਮੁਤਾਬਕ ਅਮਰੀਕਾ ਵਿੱਚ 2.20 ਲੱਖ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਰਹਿੰਦੇ ਹਨ।

ਤੁਹਾਨੂੰ ਦੱਸ ਦੇਈਏ ਕਿ ਡੋਨਾਲਡ ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਖਿਲਾਫ਼ ਕਾਰਵਾਈ ਨੂੰ ਆਪਣੀ ਮੁੱਖ ਤਰਜੀਹ 'ਚ ਰੱਖਿਆ ਹੈ। ਟਰੰਪ ਸਰਕਾਰ ਨਾਲ ਸਹਿਯੋਗ ਦੇ ਬਦਲੇ ਵਿੱਚ, ਭਾਰਤ ਉਮੀਦ ਕਰਦਾ ਹੈ ਕਿ ਉਹ ਵਿਦਿਆਰਥੀ ਵੀਜ਼ਾ ਅਤੇ H-1B ਵਰਗੇ ਜਾਇਜ਼ ਇਮੀਗ੍ਰੇਸ਼ਨ ਚੈਨਲਾਂ ਨੂੰ ਸੁਰੱਖਿਅਤ ਰੱਖੇਗਾ। 2023 ਵਿੱਚ ਭਾਰਤੀਆਂ ਨੂੰ ਜਾਰੀ ਕੀਤੇ ਗਏ 3.86 ਲੱਖ ਵੀਜ਼ਿਆਂ ਵਿੱਚੋਂ 74% ਐਚ-1ਬੀ ਵੀਜ਼ਾ ਸਨ।