ਅਮਰੀਕਾ ਦੇ ਐਕਸ਼ਨ ਤੋਂ ਬਾਅਦ ਕੈਨੇਡਾ ਨੇ 7 ਅਪਰਾਧਿਕ ਸੰਗਠਨਾਂ ਨੂੰ ਅਤਿਵਾਦੀ ਸੂਚੀ ’ਚ ਪਾਇਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 3 ਫ਼ਰਵਰੀ ਨੂੰ ਕਿਹਾ ਸੀ ਕਿ ਕੈਨੇਡਾ ਅਪਰਾਧਿਕ ਸੰਗਠਨ ਨੂੰ ਅਤਿਵਾਦੀ ਸੰਗਠਨ ਵਜੋਂ ਸੂਚੀਬੱਧ ਕਰੇਗਾ

After the action of America, Canada put 7 criminal organizations in the terrorist list

 

Canada News: ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਡੇਵਿਡ ਮੈਕਗਿੰਟੀ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਸੱਤ ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਨੂੰ ਅਤਿਵਾਦੀ ਸੰਸਥਾਵਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ। ਇਹ ਐਲਾਨ ਅਮਰੀਕਾ ਵਲੋਂ ਟਰੇਨ ਡੀ ਅਰਾਗੁਆ, ਸਿਨਾਲੋਆ ਕਾਰਟੈਲ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਸਮੂਹਾਂ ਨੂੰ ਗਲੋਬਲ ਅਤਿਵਾਦੀ ਸੰਗਠਨਾਂ ਵਜੋਂ ਨਾਮਜ਼ਦ ਕਰਨ ਤੋਂ ਇਕ ਦਿਨ ਬਾਅਦ ਆਇਆ ਹੈ।

ਡੇਵਿਡ ਮੈਕਗਿੰਟੀ ਨੇ ਔਟਾਵਾ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਸੂਚੀਬੱਧ ਸੰਸਥਾਵਾਂ ਸੰਗਠਿਤ ਅਪਰਾਧਿਕ ਸਮੂਹ ਹਨ। ਇਹ ਸੰਗਠਨ ਬਹੁਤ ਹੀ ਹਿੰਸਕ ਤਰੀਕਿਆਂ ਦੀ ਵਰਤੋਂ ਕਰ ਕੇ ਸਥਾਨਕ ਆਬਾਦੀ ਵਿਚ ਡਰ ਫੈਲਾਉਂਦੇ ਹਨ। ਉਹ ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੁੱਖੀ ਤਸਕਰੀ ਅਤੇ ਗ਼ੈਰ-ਕਾਨੂੰਨੀ ਬੰਦੂਕਾਂ ਦੀ ਤਸਕਰੀ ਲਈ ਜਾਣੇ ਜਾਂਦੇ ਹਨ। ਮੰਤਰੀ ਨੇ ਕਿਹਾ ਕਿ ਅਸੀਂ ਜੋ ਉਪਾਅ ਕਰ ਰਹੇ ਹਾਂ, ਉਹ ਫ਼ੈਂਟਾਨਿਲ (ਦਰਦ ਨਿਵਾਰਕ) ਨੂੰ ਸੜਕਾਂ ਤੋਂ ਦੂਰ ਰਖਣਗੇ ਅਤੇ ਇਸ ਨੂੰ ਅਮਰੀਕਾ ਜਾਣ ਤੋਂ ਰੋਕਣਗੇ।     

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 3 ਫ਼ਰਵਰੀ ਨੂੰ ਕਿਹਾ ਸੀ ਕਿ ਕੈਨੇਡਾ ਅਪਰਾਧਿਕ ਸੰਗਠਨ ਨੂੰ ਅਤਿਵਾਦੀ ਸੰਗਠਨ ਵਜੋਂ ਸੂਚੀਬੱਧ ਕਰੇਗਾ ਕਿਉਂਕਿ ਉਨ੍ਹਾਂ ਨੇ ਅਮਰੀਕੀ ਟੈਰਿਫ਼ ਤੋਂ 30 ਦਿਨਾਂ ਦੀ ਛੋਟ ਦਾ ਐਲਾਨ ਕੀਤਾ ਸੀ। ਜਨਤਕ ਅੰਕੜੇ ਦਰਸਾਉਂਦੇ ਹਨ ਕਿ ਅਮਰੀਕਾ ਵਿਚ ਜ਼ਬਤ ਕੀਤੇ ਗਏ ਸਾਰੇ ਫੈਂਟਾਨਿਲ ਦਾ 0.2 ਫ਼ੀ ਸਦੀ ਕੈਨੇਡੀਅਨ ਸਰਹੱਦ ਤੋਂ ਆਉਂਦਾ ਹੈ, ਜਦੋਂ ਕਿ ਜ਼ਿਆਦਾਤਰ ਮੈਕਸੀਕੋ ਨਾਲ ਲਗਦੀ ਅਮਰੀਕਾ ਦੀ ਦੱਖਣੀ ਸਰਹੱਦ ਤੋਂ ਆਉਂਦਾ ਹੈ।