G20 South Africa: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਲੋਂ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੈਸ਼ੰਕਰ ਜੀ-20 ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਹਿੱਸਾ ਲੈਣ ਲਈ ਦਖਣੀ ਅਫਰੀਕਾ ਦੇ ਦੋ ਦਿਨਾਂ ਦੌਰੇ ’ਤੇ ਜੋਹਾਨਸਬਰਗ ’ਚ ਹਨ

Foreign Minister S. Jaishankar met with Chinese Foreign Minister Wang Yi

 

G20 South Africa: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸ਼ੁਕਰਵਾਰ ਨੂੰ ਜੀ-20 ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਇਲਾਵਾ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਜੀ-20 ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਹਿੱਸਾ ਲੈਣ ਲਈ ਦਖਣੀ ਅਫਰੀਕਾ ਦੇ ਦੋ ਦਿਨਾਂ ਦੌਰੇ ’ਤੇ ਜੋਹਾਨਸਬਰਗ ’ਚ ਹਨ। 

ਉਨ੍ਹਾਂ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ, ਅੱਜ ਸਵੇਰੇ ਜੋਹਾਨਸਬਰਗ ’ਚ ਜੀ-20 ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਸੀ.ਪੀ.ਸੀ. ਪੋਲਿਟ ਬਿਊਰੋ ਦੇ ਮੈਂਬਰ ਅਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ।’’ ਜੈਸ਼ੰਕਰ ਨੇ ਬੈਠਕ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। 
ਬੈਠਕ ’ਚ ਚੀਨ-ਭਾਰਤ ਸਬੰਧਾਂ ਦੀ ਤਰੱਕੀ, ਸਰਹੱਦੀ ਖੇਤਰਾਂ ਵਿਚ ਸ਼ਾਂਤੀ ਅਤੇ ਸਥਿਰਤਾ ਦੇ ਪ੍ਰਬੰਧਨ ਅਤੇ ਕੈਲਾਸ਼ ਮਾਨਸਰੋਵਰ ਯਾਤਰਾ ਦੀ ਬਹਾਲੀ ’ਤੇ ਚਰਚਾ ਕੀਤੀ।

ਇਹ ਬੈਠਕ ਦੁਵਲੇ ਮੁੱਦਿਆਂ ਅਤੇ ਖੇਤਰੀ ਚੁਨੌਤੀਆਂ ਨਾਲ ਨਜਿੱਠਣ ਲਈ ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਕੂਟਨੀਤਕ ਯਤਨਾਂ ਦੇ ਵਿਚਕਾਰ ਹੋ ਰਹੀ ਹੈ। ਜੈਸ਼ੰਕਰ ਨੇ ਵੀਰਵਾਰ ਨੂੰ ‘ਗਲੋਬਲ ਭੂ-ਸਿਆਸੀ ਸਥਿਤੀ ’ਤੇ ਚਰਚਾ’ ਸਿਰਲੇਖ ਵਾਲੇ ਜੀ-20 ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀ-20 ਵਿਸ਼ਵ ਦੀ ਵੱਧ ਰਹੀ ਬਹੁ-ਧਰੁਵੀਤਾ ਲਈ ਇਕ ਮਹੱਤਵਪੂਰਨ ਮੰਚ ਹੈ।  

ਜੀ-20 ਵਿਚ ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦਖਣੀ ਅਫਰੀਕਾ, ਤੁਰਕੀ, ਬਰਤਾਨੀਆਂ, ਅਮਰੀਕਾ, ਅਫਰੀਕੀ ਯੂਨੀਅਨ ਅਤੇ ਯੂਰਪੀਅਨ ਯੂਨੀਅਨ ਸ਼ਾਮਲ ਹਨ।