ਡੈਟਾ ਲੀਕ ਹੋਣ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜ਼ੁਕਰਬਰਗ ਨੇ ਮੰਗੀ ਲੋਕਾਂ ਤੋਂ ਮੁਆਫ਼ੀ

Facebook

 ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਡੈਟਾ ਲੀਕ ਮਾਮਲੇ ਵਿਚ ਕੰਪਨੀ ਦੀਆਂ ਕਮੀਆਂ ਨੂੰ ਸਵੀਕਾਰ ਕਰਦੇ ਹੋਏ ਮੁਆਫ਼ੀ ਮੰਗੀ ਹੈ। ਜ਼ੁਕਰਬਰਗ ਨੇ ਇਕ ਚੈਨਲ ਨੂੰ ਇੰਟਰਵਿਊ ਵਿਚ ਕਿਹਾ ਕਿ ਇਹ ਵੱਡਾ ਵਿਸ਼ਵਾਸਘਾਤ ਹੈ। ਇਸ ਲਈ ਮੈਨੂੰ ਅਫ਼ਸੋਸ ਹੈ। ਲੋਕਾਂ ਦੇ ਡਾਟਾ ਨੂੰ ਸੁਰੱਖਿਅਤ ਰਖਣਾ ਸਾਡੀ ਜ਼ਿੰਮੇਵਾਰੀ ਹੈ।ਉਨ੍ਹਾਂ ਨੇ ਫ਼ੇਸਬੁੱਕ ਪੋਸਟ ਜ਼ਰੀਏ ਕਿਹਾ ਕਿ ਸਾਡੇ ਕੋਲੋਂ ਕਈ ਗ਼ਲਤੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਠੀਕ ਕਰਨ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਹੋਰ ਸਮੱਸਿਆਵਾਂ ਦੇ ਹੱਲ ਲਈ ਫੇਸਬੁੱਕ ਵਲੋਂ ਕਈ ਕਦਮ ਚੁਕੇ ਜਾਣਗੇ। ਜ਼ੁਕਰਬਰਗ ਨੇ ਕਿਹਾ ਕਿ ਉਹ ਉਨ੍ਹਾਂ ਹਜ਼ਾਰਾਂ ਅਰਜ਼ੀਆਂ ਦੀ ਜਾਂਚ ਕਰੇਗਾ, ਜਿਸ ਦਾ ਇਸਤੇਮਾਲ ਉਸ ਸਮੇਂ ਵੱਡੀ ਗਿਣਤੀ ਵਿਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫ਼ੇਸਬੁੱਕ ਅਪਣੇ ਵਰਤੋਂਕਾਰਾਂ ਨੂੰ ਇਕ ਨਵਾਂ ਟੂਲ ਦੇਵੇਗਾ ਤਾਕਿ ਉਨ੍ਹਾਂ ਨੂੰ ਪਤਾ ਲਗੇ ਕਿ ਉਨ੍ਹਾਂ ਦੇ ਡਾਟਾ ਦਾ ਇਸਤੇਮਾਲ ਕਿਵੇਂ ਕੀਤਾ ਜਾ ਰਿਹਾ ਹੈ, ਸਾਂਝਾ ਕੀਤਾ ਜਾ ਰਿਹਾ ਹੈ ਅਤੇ ਅੱਗੇ ਤੋਂ ਡਿਵੈਲਪਰਾਂ ਦੀਆਂ ਗ਼ਲਤ ਧਾਰਨਾਵਾਂ ਨੂੰ ਰੋਕਣ ਲਈ ਡਾਟਾ ਤਕ ਉਸ ਦੀ ਪਹੁੰਚ 'ਤੇ ਪਾਬੰਦੀ ਲਗਾ ਦੇਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੀ ਵਿਵਸਥਾ ਕੀਤੀ ਜਾਵੇਗੀ ਕਿ ਕਿਸੇ ਵੀ ਤਰ੍ਹਾਂ ਦੀ ਗ਼ਲਤ ਵਰਤੋਂ ਰੋਕਣ ਲਈ ਡਿਵੈਲਪਰਾਂ ਦਾ ਡਾਟਾ ਐਕਸੈਸ ਸੀਮਿਤ ਕੀਤਾ ਜਾਵੇਗਾ।ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਫੇਸਬੁੱਕ ਨੇ ਅਪਣੇ ਯੂਜ਼ਰਸ ਦੀ ਪ੍ਰਾਈਵੇਟ ਜਾਣਕਾਰੀ ਹੋਰਨਾਂ ਨਾਲ ਸਾਂਝੀ ਕੀਤੀ ਹੈ।

ਇਹ ਵੀ ਗੱਲ ਸਾਹਮਣੇ ਆਈ ਸੀ ਕਿ ਅਮਰੀਕਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਪਣੀ ਚੋਣ ਮੁਹਿੰਮ ਦੌਰਾਨ ਫੇਸਬੁੱਕ ਤੋਂ ਲਏ ਡਾਟੇ ਦਾ ਲਾਹਾ ਲਿਆ ਸੀ। ਰੌਲਾ ਪੈਣ ਤੋਂ ਬਾਅਦ ਇਸ ਦੀ ਅੱਗ ਭਾਰਤ ਵੀ ਪਹੁੰਚੀ ਸੀ ਜਿਥੇ ਕਾਂਗਰਸ ਪਾਰਟੀ ਨੇ ਸੱਤਾਧਾਰੀ ਭਾਜਪਾ 'ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਵੀ ਚੋਣਾਂ ਦੌਰਾਨ ਫੇਸਬੁੱਕ ਡਾਟਾ ਦਾ ਲਾਹਾ ਲਿਆ ਸੀ। ਇਸ ਤੋਂ ਪਹਿਲਾਂ ਜਦੋਂ ਹੀ ਇਹ ਗੱਲ ਸਾਹਮਣੇ ਆਈ ਸੀ ਤਾਂ ਫੇਸਬੁੱਕ ਨੂੰ ਮਾਰਕੀਟ ਵਿਚ ਅਰਬਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਸੀ। ਇਸ ਨੂੰ ਦੇਖਦੇ ਹੋਏ ਫੇਸਬੁੱਕ ਪ੍ਰਬੰਧਕ ਸਰਗਰਮ ਹੋ ਗਏ ਤੇ ਉਨ੍ਹਾਂ ਬੀਤੇ ਦਿਨ ਕੈਂਬ੍ਰਿਜ਼ ਐਨਾਲਿਟੀਕਾ ਦੇ ਸੀ.ਈ.ਓ. ਐਲੇਕਜ਼ੇਂਡਰ ਨਿਕਸ ਨੂੰ ਮੁਅੱਤਲ ਕਰ ਦਿਤਾ।ਬ੍ਰਿਟਿਸ਼ ਏਜੰਸੀ ਕੈਂਬ੍ਰਿਜ਼ ਐਨਾਲਿਟੀਕਾ 'ਤੇ ਫੇਸਬੁੱਕ ਜ਼ਰੀਏ ਯੂਜ਼ਰਾਂ ਦਾ ਡਾਟਾ ਹਾਸਲ ਕਰ ਗ਼ਲਤ ਤਰੀਕੇ ਨਾਲ ਉਸ ਦਾ ਇਸਤੇਮਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਕਰਨ ਦਾ ਦੋਸ਼ ਹੈ। ਅਮਰੀਕਾ ਸਮੇਤ ਕਈ ਦੇਸ਼ਾਂ 'ਚ ਇਹ ਮਾਮਲਾ ਚੁਕੇ ਜਾਣ ਤੋਂ ਬਾਅਦ ਕੈਂਬ੍ਰਿਜ਼ ਐਨਾਲਿਟੀਕਾ ਦੇ ਨਿਰਦੇਸ਼ਤ ਮੰਡਲ ਨੇ ਨਿਕਸ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ। ਉਥੇ ਨਿਕਸ ਨੇ ਅਹੁਦੇ ਤੋਂ ਮੁਅੱਤਲ ਕੀਤੇ ਜਾਣ ਨੂੰ ਗ਼ਲਤ ਦਸਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁਧ ਕੋਈ ਸਬੂਤ ਨਹੀਂ ਹੈ। ਕਾਨੂੰਨੀ ਰੂਪ ਤੋਂ ਵੀ ਕੋਈ ਮਾਮਲਾ ਨਹੀਂ ਚਲ ਰਿਹਾ ਹੈ। ਇਸ 'ਤੇ ਕੈਂਬ੍ਰਿਜ਼ ਐਨਾਲਿਟੀਕਾ ਨੇ ਕਿਹਾ ਕਿ ਨਿਕਸ ਦੇ ਬਿਆਨ ਕੰਪਨੀ ਦੇ ਤੱਥਾਂ ਦੀ ਨੁਮਾਇੰਦਗੀ ਨਹੀਂ ਕਰਦੇ। ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣਾ ਇਸ ਗੱਲ ਦਾ ਚਿੰਨ੍ਹ ਹੈ ਕਿ ਅਸੀਂ ਨਿਯਮਾਂ ਦੇ ਇਸ ਉਲੰਘਣ ਮਾਮਲੇ ਵਿਚ ਕਿੰਨੇ ਗੰਭੀਰ ਹਾਂ। (ਪੀ.ਟੀ.ਆਈ)