ਇਕ ਹੋਰ ਨੀਰਵ ਮੋਦੀ ਵਲੋਂ ਬੈਂਕਾਂ ਨੂੰ ਮੋਟਾ ਚੂਨਾ, 824 ਕਰੋੜ ਲੈ ਕੇ ਵਿਦੇਸ਼ ਭੱਜਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਹੋਰ ਨੀਰਵ ਮੋਦੀ ਵਲੋਂ ਬੈਂਕਾਂ ਨੂੰ ਮੋਟਾ ਚੂਨਾ, 824 ਕਰੋੜ ਲੈ ਕੇ ਵਿਦੇਸ਼ ਭੱਜਿਆ

Kanishk gold promoter Bhoopesh Jain looted Banks

ਨਵੀਂ ਦਿੱਲੀ : ਦੇਸ਼ ਅਜੇ 13540 ਕਰੋੜ ਦੇ ਪੀਐੱਨਬੀ ਮਹਾਂਘੁਟਾਲੇ ਦੇ ਝਟਕੇ ਤੋਂ ਉਭਰਿਆ ਨਹੀਂ ਹੈ ਕਿ ਚੇਨੱਈ ਦੀ ਜਵੈਲਰੀ ਕੰਪਨੀ ਕਨਿਸ਼ਕ ਗੋਲਡ ਪ੍ਰਾਈਵੇਟ ਲਿਮਟਿਡ (ਕੇਜੀਪੀਐੱਲ) ਦਾ 824.15 ਕਰੋੜ ਰੁਪਏ ਦਾ ਬੈਂਕਿੰਗ ਕਰਜ਼ ਘੁਟਾਲਾ ਸਾਹਮਣੇ ਆ ਗਿਆ ਹੈ। ਸਰਕਾਰੀ ਅਤੇ ਗ਼ੈਰ ਸਰਕਾਰੀ 14 ਬੈਂਕਾਂ ਤੋਂ ਕਰਜ਼ ਲੈਣ ਦੇ ਲਈ ਫ਼ਰਜ਼ੀ ਦਸਤਾਵੇਜ਼ ਅਤੇ ਬੈਂਕ ਸਟੇਟਮੈਂਟ ਦੀ ਵਰਤੋਂ ਕੀਤੀ ਗਈ। 

ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਦੇ ਇਸ ਘੁਟਾਲੇ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਤੋਂ ਬਾਅਦ ਸੀਬੀਆਈ ਨੇ ਐਫਆਈਆਰ ਦਰਜ ਕਰ ਲਈ ਹੈ। ਹੀਰਾ ਵਪਾਰੀ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਵਾਂਗ ਹੀ ਕੇਜੀਪੀਐਲ ਦੇ ਮਾਲਕ ਭੁਪੇਸ਼ ਕੁਮਾਰ ਜੈਨ ਅਤੇ ਉਸ ਦੀ ਪਤਨੀ ਨੀਤਾ ਜੈਨ ਵਿਦੇਸ਼ ਭੱਜ ਚੁੱਕੇ ਹਨ। 
ਕਰਜ਼ ਦੇਦ ਵਾਲੇ ਬੈਂਕਾਂ ਨੇ ਕਿਹਾ ਕਿ ਉਹ ਕੰਪਨੀ ਦੇ ਮਾਲਕ ਜੈਨ ਜੋੜੇ ਨਾਲ ਸੰਪਰਕ ਨਹੀਂ ਕਰ ਪਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਅਜੇ ਮਾਰੀਸ਼ਸ਼ ਵਿਚ ਹਨ। 14 ਬੈਂਕਾਂ ਦੇ ਸੰਘ ਵਲੋਂ ਐਸਬੀਆਈ ਦੀ ਸ਼ਿਕਾਇਤ 'ਤੇ ਸੀਬੀਆਈ ਨੇ ਮਾਮਲੇ ਵਿਚ ਐਫਆਈਆਰ ਦਰਜ ਕਰ ਲਈ ਹੈ। ਜਾਂਚ ਏਜੰਸੀ ਨੇ ਕਨਿਸ਼ਕ ਗੋਲਡ ਪ੍ਰਾਈਵੇਟ ਲਿਮਟਿਡ ਦੇ ਪ੍ਰਮੋਟਰ ਨਿਦੇਸ਼ਕ ਭੁਪੇਸ਼ ਕੁਮਾਰ ਜੈਨ, ਨਿਦੇਸ਼ਕ ਨੀਤਾ ਜੈਨ, ਤੇਜਰਾਜ ਅੱਛਾ, ਅਜੇ ਕੁਮਾਰ ਜੈਨ ਅਤੇ ਸੁਮਿਤ ਕੇਡੀਆ ਸਮੇਤ ਅਣਪਛਾਤੇ ਸਰਕਾਰੀ ਕਰਮਚਾਰੀਆਂ ਦੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ।

ਐਸਬੀਆਈ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਕਿ ਸੋਨੇ ਦੇ ਗਹਿਣੇ ਬਣਾਉਣ ਵਾਲੀ ਕਨਿਸ਼ਕ ਗੋਲਡ ਦਾ ਵਿਕਰੀ ਕਰਨ ਦੇ ਬ੍ਰਾਂਡ ਦਾ ਨਾਮ 'ਕ੍ਰਿਜ' ਹੈ ਪਰ ਸਾਲ 2015 ਵਿਚ ਉਸ ਨੇ ਕਾਰੋਬਾਰੀ ਮਾਡਲ ਬੀ2ਬੀ (ਬਿਜ਼ਨੈੱਸ ਟੂ ਬਿਜ਼ਨੈੱਸ) ਅਪਣਾ ਲਿਆ ਅਤੇ ਵੱਡੇ ਪੱਧਰ 'ਤੇ ਰਿਟੇਲ ਜਿਊਲਰ ਬਣ ਗਿਆ। ਸਾਲ 2008 ਵਿਚ ਐਸਬੀਆਈ ਨੇ ਕਰਜ਼ ਖ਼ਾਤਾ ਆਈਸੀਆਈਸੀਆਈ ਬੈਂਕ ਤੋਂ ਟੇਕਓਵਰ ਕਰ ਲਿਆ। 

ਐਸਬੀਆਈ ਦਾ ਦੋਸ਼ ਹੈ ਕਿ 824.15 ਕਰੋੜ ਦੇ ਕਰਜ਼ 'ਤੇ ਸਕਿਓਰਟੀ ਸਿਰਫ਼ 156.65 ਕਰੋੜ ਰੁਪਏ ਦੀ ਹੈ। ਐਸਬੀਆਈ ਨੇ ਕਨਿਸ਼ਕ ਗੋਲਡ ਦਸਤਾਵੇਜ਼ਾਂ ਵਿਚ ਫੇਰਬਦਲ ਅਤੇ ਰਾਤੋ ਰਾਤ ਦੁਕਾਨ ਬੰਦ ਕਰਨ ਦਾ ਦੋਸ਼ ਲਗਾਸ਼ੲਆ ਹੈ। ਇਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਐਸਬੀਆਈ ਨੇ 11 ਨਵੰਬਰ 2017 ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਨੂੰ ਦਿੱਤੀ ਸੀ।

ਜਨਵਰੀ ਤਕ ਦੂਜੇ ਬੈਂਕਾਂ ਨੇ ਵੀ ਰੈਗੂਲੇਟਰੀ ਨੂੰ ਧੋਖਾਧੜੀ ਦੇ ਬਾਰੇ ਵਿਚ ਦੱਸਿਆ। ਹੁਣ ਸੀਬੀਆਈ ਨੇ ਕਨਿਸ਼ਕ ਗੋਲਡ ਦੇ ਦਫ਼ਤਰਾਂ ਅਤੇ ਰਿਹਾਇਸ਼ੀ ਅਸਥਾਨਾਂ ਵਿਚ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ।