ਮਸਕਟ 'ਚ ਫਸੇ 5 ਪੰਜਾਬੀ ਨੌਜਵਾਨ, ਬਣਦੀ ਤਨਖ਼ਾਹ ਮੰਗਣ 'ਤੇ ਕੰਪਨੀ ਨੇ ਕੱਢਿਆ ਬਾਹਰ
ਦੋ ਦਿਨ ਤੋਂ ਭੁੱਖੇ ਪੇਟ ਸੜਕਾਂ 'ਤੇ ਗੁਜ਼ਾਰਾ ਕਰਨ ਲਈ ਮਜਬੂਰ
ਏਜੰਟ 'ਤੇ ਪੈਸਿਆਂ ਦੇ ਲਾਲਚ ਕਾਰਨ ਧੋਖਾਧੜੀ ਦਾ ਲਗਾਇਆ ਇਲਜ਼ਾਮ
ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਮੋਹਾਲੀ : ਰੋਜ਼ੀ-ਰੋਟੀ ਕਮਾਉਣ ਲਈ ਹਜ਼ਾਰਾਂ ਪੰਜਾਬੀ ਵਿਦੇਸ਼ਾਂ ਵਿਚ ਜਾਂਦੇ ਹਨ ਪਰ ਕਈ ਵਾਰ ਉਨ੍ਹਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਹੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਪੰਜਾਬ ਪੰਜਾਬੀ ਨੌਜਵਾਨ ਮਦਦ ਦੀ ਗੁਹਾਰ ਲਗਾ ਰਹੇ ਹਨ।
ਅਸਲ ਵਿਚ ਇਹ ਪੰਜੇ ਨੌਜਵਾਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧ ਰੱਖਦੇ ਹਨ ਅਤੇ ਚੰਗੇ ਭਵਿੱਖ ਲਈ ਮਸਕਟ ਗਏ ਸਨ। ਜਿਥੇ ਇਨ੍ਹਾਂ ਨੇ ਇੱਕ ਕਵਿਕ ਲਿਸਟਡ ਨਾਮਕ ਕੰਪਨੀ ਵਿਚ ਕਰੀਬ ਦੋ ਮਹੀਨੇ ਕੰਮ ਕੀਤਾ ਪਰ ਉਨ੍ਹਾਂ ਨੂੰ ਕੋਈ ਵੀ ਤਨਖ਼ਾਹ ਆਦਿ ਨਹੀਂ ਮਿਲੀ।
ਜਾਣਕਾਰੀ ਅਨੁਸਾਰ ਜਦੋਂ ਇਨ੍ਹਾਂ ਨੇ ਆਪਣੇ ਮਿਹਨਤਾਨੇ ਦੀ ਮੰਗ ਕੀਤੀ ਤਾਂ ਕੰਪਨੀ ਨੇ ਪੰਜਾਂ ਨੌਜਵਾਨਾਂ ਨੂੰ ਕੰਮ ਤੋਂ ਕੱਢ ਦਿੱਤਾ ਅਤੇ ਕਿਹਾ ਕਿ ਜਿਥੇ ਵੀ ਕੇਸ ਕਰਨਾ ਚਾਹੁੰਦੇ ਹਨ ਕਰ ਲੈਣ ਪਰ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲੇਗੀ। ਵੀਡੀਓ ਵਿਚ ਨੌਜਵਾਨਾਂ ਨੇ ਜਾਣਕਾਰੀ ਦਿਤੀ ਕਿ ਉਨ੍ਹਾਂ ਨੂੰ ਨਾ ਤਾਂ ਰਹਿਣ ਲਈ ਕੋਈ ਕਮਰਾ ਆਦਿ ਮੁਹਈਆ ਕਰਵਾਇਆ ਗਿਆ ਹੈ ਅਤੇ ਨਾ ਹੀ ਰਹਿਣ, ਖਾਣ-ਪੀਣ ਲਈ ਖਰਚਾ ਦਿੱਤਾ ਗਿਆ ਹੈ।
ਨੌਜਵਾਨਾਂ ਦੇ ਦੱਸਣ ਮੁਤਾਬਕ ਉਨ੍ਹਾਂ ਵਲੋਂ ਪੁਲਿਸ ਸਟੇਸ਼ਨ ਅਤੇ ਲੇਬਰ ਕੋਰਟ 'ਚ ਵੀ ਪਹੁੰਚ ਕੀਤੀ ਗਈ ਹੈ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੈਂਪ ਤੋਂ ਵੀ ਬਾਹਰ ਕੱਢ ਦਿੱਤਾ ਹੈ ਜਿਸ ਕਾਰਨ ਹੁਣ ਉਹ ਸੜਕਾਂ 'ਤੇ ਗੁਜ਼ਾਰਾ ਕਰਨ ਲਈ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਸਟਾਫ ਮੈਂਬਰ ਭਾਰਗੋ, ਸੂਰੀ ਅਤੇ ਜੌਹਨ ਵਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਨੌਜਵਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਕੋਲ ਖਾਣ-ਪੀਣ ਅਤੇ ਰਹਿਣ ਲਈ ਖਰਚਾ ਵੀ ਨਹੀਂ ਹੈ। ਨੌਜਵਾਨਾ ਨੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਸਾਨੂੰ ਇਥੋਂ ਬਾਹਰ ਕੱਢਿਆ ਜਾਵੇ ਅਤੇ ਸਾਡੇ ਪਰਿਵਾਰਾਂ ਤੱਕ ਪਹੁੰਚਿਆ ਜਾਵੇ।