Pakistan News: ਪਾਕਿਸਤਾਨ ਸਰਕਾਰ ਨੇ 46 ਹੋਰ ਗੁਰਦੁਆਰਿਆਂ ਨੂੰ ਬਹਾਲ ਕਰਨ ਦੀ ਯੋਜਨਾ ਬਣਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰਤਾਰਪੁਰ ਸਾਹਿਬ ’ਚ ਭਾਰਤ ਤੋਂ ਆਮਦ ਵਧਣ ਦੇ ਮੱਦੇਨਜ਼ਰ ਕੀਤਾ ਗਿਆ ਫ਼ੈਸਲਾ

Pakistan government plans to restore 46 more gurdwaras

ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਗਿਣਤੀ ਵਧਣ ਦੇ ਮੱਦੇਨਜ਼ਰ ਘੱਟੋ-ਘੱਟ 46 ਹੋਰ ਗੁਰਦੁਆਰਿਆਂ ਅਤੇ ਸਿੱਖ ਧਰਮ, ਹਿੰਦੂ ਧਰਮ ਤੇ ਬੁੱਧ ਧਰਮ ਦੇ ਹੋਰ ਧਾਰਮਕ ਸਥਾਨਾਂ ਨੂੰ ਬਹਾਲ ਕਰਨ ਦੀ ਯੋਜਨਾ ਬਣਾਈ ਹੈ। 

ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ‘ਕਰਤਾਰਪੁਰ ਲਾਂਘਾ: ਸ਼ਾਂਤੀ ਅਤੇ ਸਦਭਾਵਨਾ ਲਈ ਪਾਕਿਸਤਾਨ ਦੀਆਂ ਪਹਿਲਕਦਮੀਆਂ’ ਵਿਸ਼ੇ ’ਤੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਨੇ ਅੰਤਰ-ਧਰਮ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ ਹੈ। 

ਉਨ੍ਹਾਂ ਕਿਹਾ, ‘‘ਚੁਨੌਤੀਆਂ ਦੇ ਬਾਵਜੂਦ ਸਿੱਖ ਸ਼ਰਧਾਲੂਆਂ ਦੀ ਗਿਣਤੀ ’ਚ 72 ਫੀ ਸਦੀ ਦਾ ਵਾਧਾ ਹੋਇਆ ਹੈ। ਭਾਰਤ ਤੋਂ ਆਉਣ ਵਾਲੇ ਲੋਕ ਪਿਆਰ ਅਤੇ ਪ੍ਰਾਹੁਣਚਾਰੀ ਦੀਆਂ ਯਾਦਾਂ ਲੈ ਕੇ ਵਾਪਸ ਆਉਂਦੇ ਹਨ।’’ ਇੰਸਟੀਚਿਊਟ ਆਫ ਸਟਰੈਟੇਜਿਕ ਸਟੱਡੀਜ਼ ਇਸਲਾਮਾਬਾਦ (ਆਈ.ਐਸ.ਐਸ.ਆਈ.) ਵਲੋਂ ਕਰਵਾਏ ਇਸ ਪ੍ਰੋਗਰਾਮ ’ਚ ਸਰਕਾਰੀ ਅਧਿਕਾਰੀਆਂ, ਵਿਦਵਾਨਾਂ ਅਤੇ ਪੱਤਰਕਾਰਾਂ ਨੇ ਧਾਰਮਕ ਸਹਿ-ਹੋਂਦ ਅਤੇ ਖੇਤਰੀ ਕੂਟਨੀਤੀ ’ਤੇ ਲਾਂਘੇ ਦੇ ਪ੍ਰਭਾਵ ਬਾਰੇ ਵਿਚਾਰ ਵਟਾਂਦਰੇ ਲਈ ਇਕੱਠੇ ਹੋਏ। 

ਆਈ.ਐਸ.ਐਸ.ਆਈ. ਦੇ ਡਾਇਰੈਕਟਰ ਜਨਰਲ ਰਾਜਦੂਤ ਸੋਹੇਲ ਮਹਿਮੂਦ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਨੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਅਪਣੇ ਸਮਝੌਤੇ ਨੂੰ ਅਗਲੇ ਪੰਜ ਸਾਲਾਂ ਲਈ ਨਵੀਨੀਕਰਣ ਕੀਤਾ ਹੈ। ਉਨ੍ਹਾਂ ਕਿਹਾ, ‘‘ਅਗੱਸਤ 2019 ’ਚ ਕਸ਼ਮੀਰ ’ਚ ਭਾਰਤ ਦੇ ਕਦਮ ਤੋਂ ਬਾਅਦ ਵਧੇ ਤਣਾਅ ਦੇ ਬਾਵਜੂਦ ਕਰਤਾਰਪੁਰ ਲਾਂਘੇ ’ਤੇ ਕੋਈ ਅਸਰ ਨਹੀਂ ਪਿਆ। ਅੰਤਰ-ਧਰਮ ਸਦਭਾਵਨਾ ਲਈ ਪਾਕਿਸਤਾਨ ਦੀ ਵਚਨਬੱਧਤਾ ਦ੍ਰਿੜ ਰਹੀ।’’

ਕਰਤਾਰਪੁਰ ਲਾਂਘੇ ਦੇ ਸੀ.ਈ.ਓ. ਅਬੂ ਬਕਰ ਆਫਤਾਬ ਕੁਰੈਸ਼ੀ ਨੇ ਕਿਹਾ ਕਿ ਇਹ ਲਾਂਘਾ ਪਾਕਿਸਤਾਨ-ਭਾਰਤ ਸਰਹੱਦ ’ਤੇ ਸ਼ਾਂਤੀ ਦਾ ਇਕ ਦੁਰਲੱਭ ਸਥਾਨ ਬਣ ਗਿਆ ਸੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਮੁਕਤ ਪਹੁੰਚ ਵੀ ਦਿਤੀ ਸੀ ਪਰ ਇਸ ਸਦਭਾਵਨਾ ਦਾ ਕੋਈ ਹੁੰਗਾਰਾ ਨਹੀਂ ਮਿਲਿਆ। 

ਅਪਣੇ ਸਮਾਪਤੀ ਭਾਸ਼ਣ ’ਚ ਆਈ.ਐਸ.ਐਸ.ਆਈ. ਦੇ ਚੇਅਰਮੈਨ ਰਾਜਦੂਤ ਖਾਲਿਦ ਮਹਿਮੂਦ ਨੇ ਵਿਸ਼ਵ ਵਿਆਪੀ ਧਾਰਮਕ ਅਸਹਿਣਸ਼ੀਲਤਾ ਵਧਣ ਦੀ ਚੇਤਾਵਨੀ ਦਿਤੀ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਘੱਟ ਗਿਣਤੀਆਂ ਨੂੰ ਬਰਾਬਰ ਦਾ ਨਾਗਰਿਕ ਮੰਨਣ ਦੀ ਪਾਕਿਸਤਾਨ ਦੀ ਨੀਤੀ ਨੂੰ ਦਰਸਾਉਂਦਾ ਹੈ। 
ਪਾਕਿਸਤਾਨ ਨੂੰ ਉਮੀਦ ਹੈ ਕਿ ਇਸ ਪਹਿਲ ਕਦਮੀ ਨਾਲ ਸਿੱਖ, ਹਿੰਦੂ ਅਤੇ ਬੋਧੀ ਭਾਈਚਾਰਿਆਂ ਲਈ ਅਜਿਹੇ ਹੋਰ ਗਲਿਆਰੇ ਦਾ ਰਾਹ ਪੱਧਰਾ ਹੋਵੇਗਾ।     (ਏਜੰਸੀ)