ਇੰਡੋਨੇਸ਼ੀਆਈ ਸਮੁੰਦਰ 'ਚੋਂ ਬਚਾਏ ਗਏ 76 ਰੋਹਿੰਗਿਆ ਸ਼ਰਨਾਰਥੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਲੇਸ਼ੀਆ ਪਹੁੰਚਣ ਦੀ ਕੋਸ਼ਿਸ਼ 'ਚ 9 ਦਿਨ ਤੋਂ ਸਮੁੰਦਰ 'ਚ ਫਸੇ ਸਨ

76 Rohingya refugees

ਬੇਰੀਊਨ, ਇੰਡੋਨੇਸ਼ੀਆ ਦੇ ਜਲ ਖੇਤਰ ਵਿਚੋਂ 76 ਰੋਹਿੰਗਿਆ ਮੁਸਲਮਾਨਾਂ ਨੂੰ ਬਚਾਇਆ ਗਿਆ ਹੈ। ਇਸ 'ਚ ਸ਼ਾਮਲ ਇਕ ਵਿਅਕਤੀ ਨੇ ਦਸਿਆ ਕਿ ਮਿਆਂਮਾਰ ਛੱਡਣ ਮਗਰੋਂ ਉਹ ਲੋਕ 9 ਦਿਨਾਂ ਤਕ ਇਕ ਲੱਕੜ ਦੀ ਕਿਸ਼ਤੀ ਵਿਚ ਸਮੁੰਦਰ 'ਚ ਰਹੇ। ਇਹ ਲੋਕ ਮਲੇਸ਼ੀਆ ਪੁੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਮਿਆਂਮਾਰ 'ਚ ਰੋਹਿੰਗਿਆ ਘੱਟਗਿਣਤੀ ਭਾਈਚਾਰੇ ਨੂੰ ਅਤਿਆਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕੁੱਲ 8 ਬੱਚਿਆਂ, 25 ਔਰਤਾਂ ਅਤੇ 43 ਮਰਦਾਂ ਨੂੰ ਸੁਮਾਤਰਾ ਟਾਪੂ ਦੇ ਏਕੇਹ ਸੂਬੇ ਦੇ ਤਟ 'ਤੇ ਸ਼ੁਕਰਵਾਰ ਨੂੰ ਬਚਾ ਕੇ ਲਿਆਂਦਾ ਗਿਆ।

ਇਸ ਭਾਈਚਾਰੇ ਦੇ ਲੋਕਾਂ ਨੇ ਸਮੁੰਦਰੀ ਰਸਤੇ ਤੋਂ ਮਿਆਂਮਾਰ ਛੱਡਣ ਲਈ ਇਸ ਮਹੀਨੇ 'ਚ ਤੀਜੀ ਵਾਰ ਕੋਸ਼ਿਸ਼ ਕੀਤੀ ਹੈ। ਸਥਾਨਕ ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ 'ਚ ਕਈ ਲੋਕ ਭੁੱਖੇ ਸਨ ਅਤੇ ਕਈਆਂ ਨੂੰ ਬਹੁਤ ਥਕਾਵਟ ਹੋ ਗਈ ਹੈ ਅਤੇ ਇਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੈ।ਸੰਯੁਕਤ ਰਾਸ਼ਟਰ ਹਾਈ ਕਮੀਸ਼ਨ ਦੇ ਦਫ਼ਤਰ ਅਨੁਸਾਰ ਮਿਆਂਮਾਰ 'ਚ ਪਿਛਲੇ ਸਾਲ ਅਗਸਤ ਵਿਚ ਹਿੰਸਾ ਭੜਕਨ ਮਗਰੋਂ 7 ਲੱਖ ਤੋਂ ਵੱਧ ਰੋਹਿੰਗਿਆ ਸ਼ਰਨਾਰਥੀ ਅਪਣੇ ਘਰ ਛੱਡ ਕੇ ਬੰਗਲਾਦੇਸ਼ ਪਲਾਇਨ ਕਰ ਚੁਕੇ ਹਨ। ਸੰਯੁਕਤ ਰਾਸ਼ਟਰ ਨੇ ਇਨ੍ਹਾਂ ਹਮਲਿਆਂ ਨੂੰ 'ਨਸਲੀ ਖ਼ਾਤਮਾ' ਕਰਾਰ ਦਿਤਾ ਹੈ। (ਪੀਟੀਆਈ)