ਦੋ ਪੀੜ੍ਹੀਆਂ ਬਾਅਦ ਖਾਣਾ ਬਣਾਉਣਾ ਭੁੱਲ ਜਾਣਗੇ ਬ੍ਰਿਟੇਨ ਦੇ ਲੋਕ : ਮਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ 'ਚ ਲੋਕ ਤੇਜ਼ੀ ਨਾਲ ਪੈਕੇਟ ਭੋਜਨ ਦੇ ਆਦੀ ਹੁੰਦੇ ਜਾ ਰਹੇ ਹਨ। ਇਸ ਰੁਝਾਨ ਦੇ ਚਲਦਿਆਂ ਮਾਹਰਾਂ ਨੇ ਸ਼ੱਕ ਪ੍ਰਗਟਾਇਆ ਹੈ ਕਿ ਅਗਲੀਆਂ ਦੋ ਪੀੜ੍ਹੀਆਂ ਵਿਚ ਬ੍ਰਿਟ...

Use of packet food

ਲੰਡਨ, 22 ਅਪ੍ਰੈਲ : ਬ੍ਰਿਟੇਨ 'ਚ ਲੋਕ ਤੇਜ਼ੀ ਨਾਲ ਪੈਕੇਟ ਭੋਜਨ ਦੇ ਆਦੀ ਹੁੰਦੇ ਜਾ ਰਹੇ ਹਨ। ਇਸ ਰੁਝਾਨ ਦੇ ਚਲਦਿਆਂ ਮਾਹਰਾਂ ਨੇ ਸ਼ੱਕ ਪ੍ਰਗਟਾਇਆ ਹੈ ਕਿ ਅਗਲੀਆਂ ਦੋ ਪੀੜ੍ਹੀਆਂ ਵਿਚ ਬ੍ਰਿਟੇਨ ਨਿਵਾਸੀ ਖਾਣਾ ਪਕਾਉਣ ਦੀ ਕਲਾ ਨੂੰ ਪੂਰੀ ਤਰ੍ਹਾਂ ਭੁੱਲ ਜਾਣਗੇ।

ਮਾਹਰਾਂ ਨੇ ਚਿਤਾਵਨੀ ਦਿਤੀ ਹੈ ਕਿ ਜਿਸ ਤਰ੍ਹਾਂ ਕਦੇ ਬੇਹੱਦ ਜ਼ਰੂਰੀ ਸਮਝੀ ਜਾਣ ਵਾਲੀ ਸਿਲਾਈ ਦੀ ਕਲਾ ਹੁਣ ਆਧੁਨਿਕ ਦੁਨੀਆਂ ਤੋਂ ਲਗਭਗ ਲਾਪਤਾ ਹੀ ਹੋ ਗਈ ਹੈ, ਉਸੇ ਤਰ੍ਹਾਂ ਭੋਜਨ ਬਣਾਉਣ ਦੀ ਕਲਾ ਵੀ ਖ਼ਤਮ ਹੋ ਸਕਦੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਇਹ ਹੈ ਕਿ ਲੋਕ ਬਾਹਰ ਤੋਂ ਬਣਿਆ- ਬਣਾਇਆ ਭੋਜਨ ਖ਼ਰੀਦਦੇ ਹਨ ਅਤੇ ਇਹ ਮੰਨਦੇ ਹਨ ਕਿ ਉਨ੍ਹਾਂ ਕੋਲ ਅਪਣਾ ਭੋਜਨ ਖ਼ੁਦ ਬਣਾਉਣ ਦਾ ਸਮਾਂ ਨਹੀਂ ਹੈ।  

ਪਰਵਾਰ ਦੀ ਮਹੱਤਤਾ ਘੱਟ ਹੋ ਰਹੀ : ਮਾਹਰਾਂ ਨੇ ਇਸ ਦੇ ਪਿੱਛੇ ਦਾ ਕਾਰਨ ਇਹ ਦਸਿਆ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਲਈ ਵੀ ਰੇਡੀਮੇਡ ਭੋਜਨ ਨੂੰ ਤਰਜੀਹ ਦੇ ਰਹੇ ਹਨ ਕਿਉਂਕਿ ਪਰਵਾਰ ਦੀ ਮਹੱਤਤਾ ਘੱਟ ਹੁੰਦੀ ਜਾ ਰਹੀ ਹੈ। ਉਹ ਹੁਣ ਇਕੱਠੇ ਬੈਠ ਕੇ ਭੋਜਨ ਨਹੀਂ ਕਰਨਾ ਚਾਹੁੰਦੇ। ਇਕੱਲੇ ਰਹਿਣ ਦੀ ਪਰੰਪਰਾ ਤੇਜ਼ੀ ਨਾਲ ਵਧਦੀ ਜਾ ਰਹੀ ਹੈ ਅਤੇ ਇਕੱਲਾ ਵਿਅਕਤੀ ਬਹੁਤ ਹੀ ਘੱਟ ਭੋਜਨ ਬਣਾਉਣਾ ਚਾਹੁੰਦਾ ਹੈ। ਅਜਿਹਾ ਇਸ ਲਈ ਵੀ ਹੈ ਕਿ ਇਸ 'ਚ ਉਸ ਨੂੰ ਖਾਣਾ ਬਣਾਉਣ ਤੋਂ ਲੈ ਕੇ ਭਾਂਡੇ ਧੋਣ ਤਕ ਕਾਫ਼ੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਤਿਆਰ ਖਾਣੇ ਦਾ ਬਦਲ ਸਸਤਾ ਵੀ ਦਿਸਦਾ ਹੈ ਅਤੇ ਆਸਾਨ ਵੀ। 

ਮਾਹਰਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਅਪਣੇ ਰੁਝੇਵਿਆਂ ਬਾਰੇ ਗੱਲ ਕਰਨਾ ਪਸੰਦ ਕਰਦੇ ਹਾਂ ਪਰ ਇਕ ਬ੍ਰਿਟਿਸ਼ ਨਾਗਰਿਕ ਲਗਭਗ ਸਾਢੇ ਤਿੰਨ ਘੰਟੇ ਸਿਰਫ਼ ਟੀਵੀ ਦੇਖਣ 'ਚ ਹੀ ਬਿਤਾ ਦਿੰਦਾ ਹੈ। ਅਜਿਹੇ 'ਚ ਸਾਨੂੰ ਇਸ ਮਾਮਲੇ 'ਚ ਇਮਾਨਦਾਰੀ ਨਾਲ ਸੱਚ ਬੋਲਣਾ ਚਾਹੀਦਾ ਹੈ ਕਿ ਅਸੀਂ ਸੱਚਮੁੱਚ ਹੀ ਬਹੁਤ ਰੁਝੇਵਿਆਂ ਭਰੇ ਹੋ ਗਏ ਹਾਂ ਜਾਂ ਫਿਰ ਕੰਮ ਚੋਰ ਹੋ ਗਏ ਹਾਂ। 

ਮਾਹਰਾਂ ਨੇ ਇਸਦੇ ਪਿੱਛੇ ਦਲੀਲ ਦਿਤੀ ਕਿ ਪਹਿਲਾਂ ਹਰ ਘਰ 'ਚ ਸਿਲਾਈ ਮਸ਼ੀਨ ਹੁੰਦੀ ਸੀ ਅਤੇ ਲੋਕ ਅਪਣੇ ਕੱਪੜੇ ਖ਼ੁਦ ਸਿਲਾਈ ਕਰਦੇ ਸੀ ਪਰ ਹੁਣ ਜ਼ਿਆਦਾ ਤੋਂ ਜ਼ਿਆਦਾ ਲੋਕ ਰੈਡੀਮੇਡ ਕੱਪੜੇ ਪਾਉਣਾ ਪਸੰਦ ਕਰਦੇ ਹਨ। ਸੰਭਵ ਤੌਰ 'ਤੇ ਇਸੇ ਤਰ੍ਹਾਂ ਨਾਲ ਆਉਣ ਵਾਲੀਆਂ ਦੋ ਜਾਂ ਤਿੰਨ ਪੀੜ੍ਹੀਆਂ 'ਚ ਖਾਣਾ ਪਕਾਉਣ ਦੀ ਕਲਾ ਵੀ ਲਗਭਗ ਖ਼ਤਮ ਹੋ ਜਾਵੇਗੀ। ਇਕ ਅਧਿਐਨ ਮੁਤਾਬਕ 80 ਤੋਂ 90 ਦੇ ਦਹਾਕੇ 'ਚ ਪੈਦਾ ਹੋਏ ਲੋਕ ਇਸ ਕਲਾ ਨੂੰ ਸਿੱਖਣ ਦੇ ਇਛੁਕ ਵੀ ਨਹੀਂ ਹਨ।