'ਦਸਤਾਰ ਦਿਵਸ' ਮੌਕੇ ਸਜਾਈਆਂ ਦਸਤਾਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

'ਦਸਤਾਰ ਦਿਵਸ' ਮੌਕੇ ਗੋਰੇ-ਗੋਰੀਆਂ ਬੰਨ੍ਹੀਆਂ ਪੱਗਾਂ ਨਾਲ ਅਤੇ ਇਸ ਮੌਕੇ ਜੁੜੇ ਸਿੱਖ ਨੌਜਵਾਨ ਅਤੇ ਹੋਰ।

Turban Day

ਔਕਲੈਂਡ,ਸਿੱਖਾਂ ਦੀ ਦਸਤਾਰ ਜਿਥੇ ਵਖਰੀ ਕੌਮ ਦਾ ਪ੍ਰਤੱਖ ਸਬੂਤ ਹੈ, ਉਥੇ ਇਕ ਚੰਗੇ ਕਿਰਦਾਰ ਦਾ ਵੀ ਪ੍ਰਤੀਬਿੰਬ ਪ੍ਰਦਰਸ਼ਤ ਕਰਦੀ ਹੈ। ਬਹੁਕੌਮੀ ਮੁਲਕ ਨਿਊਜ਼ੀਲੈਂਡ ਵਿਚ ਅਪਣੀ ਸਿੱਖ ਪਛਾਣ ਦਾ ਪ੍ਰਸਾਰ ਕਰਨਾ ਨੌਜਵਾਨਾਂ ਲਈ ਸਭ ਤੋਂ ਜ਼ਿਆਦਾ ਫ਼ਾਇਦੇਮੰਦ ਹੋ ਸਕਦਾ ਹੈ, ਕਿਉਂਕਿ ਸਕੂਲਾਂ ਯੂਨੀਵਰਸਟੀਆਂ ਵਿਚ ਕਈ ਤਰ੍ਹਾਂ ਦੇ ਨਕਾਰਾਤਮਕ ਟਿੱਪਣੀਆਂ ਤੋਂ ਬਚਿਆ ਜਾ ਸਕਦਾ ਹੈ। ਅੱਜ ਸਿੱਖ ਯੂਥ ਨਿਊਜ਼ੀਲੈਂਡ ਅਤੇ ਖ਼ਾਲਸਾ ਫ਼ਾਊਂਡੇਸ਼ਨ ਵਲੋਂ 'ਦਸਤਾਰ ਦਿਵਸ' ਆਕਲੈਂਡ ਵਿਚ ਮਨਾਇਆ ਗਿਆ। ਅੱਜ ਪੱਗਾਂ ਬੰਨ੍ਹੀਆਂ ਗਈਆਂ, ਜਿਨ੍ਹਾਂ ਨੇ ਸਿੱਖਾਂ ਦੀ ਪਛਾਣ ਦੀਆਂ ਪੰਡਾਂ ਖੋਲ੍ਹੀਆਂ। ਸਵੇਰੇ ਸਮੇਂ ਤੋਂ ਪਹਿਲਾਂ ਹੀ ਇਥੇ 'ਓਟੀਆ ਸੁਕੇਅਰ' ਵਿਖੇ ਰੌਣਕ ਲੱਗਣੀ ਸ਼ੁਰੂ ਹੋ ਗਈ ਅਤੇ ਪਹਿਲੇ ਹੀ ਘੰਟੇ ਮਤਲਬ 12 ਵਜੇ ਤਕ 120 ਲੋਕ ਪੱਗਾਂ ਬੰਨ੍ਹਵਾ ਗਏ ਸਨ।

ਸ਼ਾਮ ਤਕ ਚੱਲੇ ਇਸ ਦਸਤਾਰ ਦਿਵਸ ਦੌਰਾਨ ਕੁੱਲ 523 ਪੱਗਾਂ ਵੱਖ-ਵੱਖ ਕੌਮਾਂ ਦੇ ਲੋਕਾਂ ਸਿਰ ਸਜਾ ਕੇ ਉਨ੍ਹਾਂ ਨੂੰ ਨਿਸ਼ਾਨੀ ਵਜੋਂ ਭੇਟ ਕਰ ਦਿਤੀਆਂ ਗਈਆਂ।
600 ਦੇ ਕਰੀਬ ਲੋਕ ਇਸ ਮੌਕੇ ਇਕੱਤਰ ਹੋਏ ਅਤੇ ਬਹੁਤ ਸਾਰੇ ਲੋਕ ਤੁਰਦੇ-ਫਿਰਦੇ ਇਹ ਸਾਰਾ ਦ੍ਰਿਸ਼ ਵੇਖ ਕੇ ਮੋਬਾਈਲਾਂ ਵਿਚ ਕੈਦ ਕਰ ਰਹੇ ਸਨ। 'ਦਸਤਾਰ ਦਿਵਸ' ਪ੍ਰਬੰਧਕਾਂ ਵਲੋਂ ਸਮੂਹ ਸਹਿਯੋਗੀ ਸੱਜਣਾਂ ਦਾ ਧਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਹ 'ਦਸਤਾਰ ਦਿਵਸ' ਯਾਦਗਾਰੀ ਹੋ ਨਿਬੜਿਆ।
ਇਸ ਮੌਕੇ ਗਤਕੇ ਦਾ ਅਖਾੜਾ ਵੀ ਸਜਿਆ ਅਤੇ ਭੰਗੜੇ ਦੀਆਂ ਆਈਟਮਾਂ ਵੀ ਪੇਸ਼ ਕੀਤੀਆਂ ਗਈਆਂ। ਜਿਨ੍ਹਾਂ ਨੂੰ ਵੇਖ ਲੋਕ ਬਹੁਤ ਖੁਸ਼ ਹੋਏ ਅਤੇ ਸਥਾਨਕ ਭਾਈਚਾਰੇ ਵਿਚ ਇਕ ਵਧੀਆ ਸੰਦੇਸ਼ ਗਿਆ। ਪ੍ਰਸਿੱਧ ਕਥਾ ਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਵੀ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ।