3 ਲੱਖ ਆਸਟਰੇਲੀਆਈ ਨਾਗਰਿਕਾਂ ਦੀ ਹੋਈ ਘਰ ਵਾਪਸੀ : ਵਿਦੇਸ਼ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਆਸਟਰੇਲੀਅਨ ਵਿਦੇਸ਼ ਮੰਤਰੀ ਮੈਰੀਸ ਪੇਅਨ ਨੇ ਕਿਹਾ ਹੈ ਕਿ 13 ਮਾਰਚ ਤੋਂ ਸ਼ੁਰੂ ਕੀਤੀ ਇਕ ਵੱਡੀ ਮੁਹਿੰਮ ਦੌਰਾਨ 3 ਲੱਖ ਆਸਟ੍ਰੇਲੀਅਨ ਲੋਕਾਂ ਦੀ ਘਰ ਵਾਪਸੀ ਹੋ ਚੁੱਕੀ ਹੈ

File Photo

ਪਰਥ, 21 ਅਪ੍ਰੈਲ (ਪਿਆਰਾ ਸਿੰਘ ਨਾਭਾ) : ਆਸਟਰੇਲੀਅਨ ਵਿਦੇਸ਼ ਮੰਤਰੀ ਮੈਰੀਸ ਪੇਅਨ ਨੇ ਕਿਹਾ ਹੈ ਕਿ 13 ਮਾਰਚ ਤੋਂ ਸ਼ੁਰੂ ਕੀਤੀ ਇਕ ਵੱਡੀ ਮੁਹਿੰਮ ਦੌਰਾਨ 3 ਲੱਖ ਆਸਟ੍ਰੇਲੀਅਨ ਲੋਕਾਂ ਦੀ ਘਰ ਵਾਪਸੀ ਹੋ ਚੁੱਕੀ ਹੈ। ਸੰਘੀ ਸਰਕਾਰ ਲਗਾਤਾਰ ਹਵਾਈ ਕੰਪਨੀਆਂ ਕੂਆਂਟਸ, ਵਰਜਿਨ ਆਸਟਰੇਲੀਆ ਅਤੇ ਹੋਰ ਵਿਦੇਸ਼ੀ ਹਵਾਈ ਕੰਪਨੀਆਂ ਨਾਲ ਮਿਲ ਕੇ ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਵਿਚ ਫਸੇ ਹੋਏ ਆਸਟ੍ਰੇਲੀਅਨ ਲੋਕਾਂ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸਮੇਂ ਸੰਸਾਰ ਭਰ ’ਚ ਅਜੇ ਵੀ ਤਕਰੀਬਨ 11 ਹਜ਼ਾਰ ਆਸਟ੍ਰੇਲੀਅਨ ਲੋਕ ਘਰ ਵਾਪਸੀ ਦੀ ਉਡੀਕ ਵਿਚ ਹਨ।

ਏ ਬੀ ਸੀ ਨਿਊਜ ਨਾਲ਼ ਗੱਲ ਕਰਦੇ ਹੋਏ ਪੇਅਨ ਨੇ ਕਿਹਾ, ਇਸਦਾ ਇਹ ਮਤਲਬ ਵੀ ਨਹੀਂ ਹੈ ਕਿ ਇਹ ਸਾਰੇ ਆਸਟ੍ਰੇਲੀਆ ਵਾਪਸ ਆਉਣ ਦੇ ਇਛੁੱਕ ਹਨ। ਇਹਨਾਂ ਵਿਚੋਂ ਕਈ ਲੋਕ ਲੰਬੇ ਸਮੇਂ ਤਕ ਵਿਦੇਸ਼ਾਂ ’ਚ ਰਹਿਣ ਵਾਲੇ ਵੀ ਹਨ । ਉਨ੍ਹਾਂ ਕਿਹਾ ਕਿ 13 ਮਾਰਚ ਤੋਂ ਸ਼ੁਰੂ ਕੀਤੀ ਇਸ ਵੱਡੀ ਮੁਹਿੰਮ ਦੌਰਾਨ 3 ਲੱਖ ਲੋਕਾਂ ਦੀ ਘਰ ਵਾਪਸੀ ਹੋ ਚੁੱਕੀ ਹੈ ਅਤੇ ਇਹਨਾਂ ਵਿਚੋਂ ਕਾਫ਼ੀ ਸਾਰੇ ਸਮੁੰਦਰੀ ਜਹਾਜਾਂ ਦੁਆਰਾ ਵੀ ਪਹੁੰਚੇ ਹਨ। ਪਿਛਲੇ ਹਫ਼ਤੇ ਅਜਿਹੀਆਂ ਤਿੰਨ ਹਵਾਈ ਉਡਾਣਾਂ ਫ਼ਿਲੀਪੀਨਜ਼ ਤੋਂ ਆਸਟ੍ਰੇਲੀਅਨ ਲੋਕਾਂ ਨੂੰ ਲੈ ਕਿ ਸਿਡਨੀ, ਮੈਲਬਰਨ ਅਤੇ ਬਰਿਸਬੇਨ ਪਹੁੰਚੀਆਂ ਹਨ, ਜੋ ਕਿ ਇਕ ਵੱਡੀ ਮੁਹਿੰਮ ਸੀ।