ਮਾਲਦੀਵ ਦੇ ਰਾਸ਼ਟਰਪਤੀ ਮੁਇਜ਼ੂ ਦੀ ਚੀਨ ਸਮਰਥਕ ਪਾਰਟੀ ਨੇ ਸੰਸਦੀ ਚੋਣਾਂ ’ਚ ‘ਭਾਰੀ ਬਹੁਮਤ’ ਹਾਸਲ ਕੀਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਪੱਖੀ ਨੇਤਾ ਮੰਨੇ ਜਾਣ ਵਾਲੇ ਸਾਬਕਾ ਰਾਸ਼ਟਰਪਤੀ ਇਬਰਾਹਿਮ ਸੋਲਿਹ ਦੀ ਅਗਵਾਈ ਵਾਲੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ ਨੂੰ ਸਿਰਫ 15 ਸੀਟਾਂ ਮਿਲੀਆਂ

President Muizzu

ਮਾਲੇ: ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਦੀ ਪਾਰਟੀ ਨੇ ਸੰਸਦੀ ਚੋਣਾਂ ’ਚ 70 ਸੀਟਾਂ ਜਿੱਤ ਕੇ ਭਾਰੀ ਬਹੁਮਤ ਹਾਸਲ ਕੀਤਾ ਹੈ। ਇਹ ਜਾਣਕਾਰੀ ਸੋਮਵਾਰ ਨੂੰ ਸ਼ੁਰੂਆਤੀ ਨਤੀਜਿਆਂ ਤੋਂ ਮਿਲੀ। ਇਹ ਚੋਣਾਂ ਦੇਸ਼ ਦੇ ਰਾਸ਼ਟਰਪਤੀ ਮੁਇਜ਼ੂ ਲਈ ਬਹੁਤ ਮਹੱਤਵਪੂਰਨ ਮੰਨੀਆਂ ਜਾ ਰਹੀਆਂ ਹਨ, ਜਿਨ੍ਹਾਂ ਦੀਆਂ ਨੀਤੀਆਂ ’ਤੇ ਭਾਰਤ ਅਤੇ ਚੀਨ ਮਾਲਦੀਵ ’ਚ ਪ੍ਰਭਾਵ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ। 

ਮੁਇਜ਼ੂ ਦੀ ਅਗਵਾਈ ਵਾਲੀ ਪੀਪਲਜ਼ ਨੈਸ਼ਨਲ ਕਾਂਗਰਸ (ਪੀ.ਐਨ.ਸੀ.) ਨੇ ਐਤਵਾਰ ਨੂੰ ਹੋਈਆਂ ਚੋਣਾਂ ਵਿਚ 20ਵੀਂ ਪੀਪਲਜ਼ ਮਜਲਿਸ (ਸੰਸਦ) ਦੀਆਂ 93 ਵਿਚੋਂ 70 ਸੀਟਾਂ ਜਿੱਤੀਆਂ, ਜਦਕਿ ਇਸ ਦੇ ਗੱਠਜੋੜ ਭਾਈਵਾਲ ਮਾਲਦੀਵ ਨੈਸ਼ਨਲ ਪਾਰਟੀ (ਐਮ.ਐਨ.ਪੀ.) ਅਤੇ ਮਾਲਦੀਵ ਵਿਕਾਸ ਗਠਜੋੜ (ਐਮ.ਡੀ.ਏ.) ਨੇ ਲੜੀਵਾਰ ਇਕ ਅਤੇ ਦੋ ਸੀਟਾਂ ਜਿੱਤੀਆਂ। ਇਸ ਦੇ ਨਾਲ ਹੀ ਪੀ.ਐਨ.ਸੀ. ਨੂੰ ਸੰਵਿਧਾਨ ’ਚ ਸੋਧ ਕਰਨ ਦਾ ਅਧਿਕਾਰ ਮਿਲ ਗਿਆ ਹੈ। 

ਭਾਰਤ ਪੱਖੀ ਨੇਤਾ ਮੰਨੇ ਜਾਣ ਵਾਲੇ ਸਾਬਕਾ ਰਾਸ਼ਟਰਪਤੀ ਇਬਰਾਹਿਮ ਸੋਲਿਹ ਦੀ ਅਗਵਾਈ ਵਾਲੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐਮ.ਡੀ.ਪੀ.) ਨੇ ਪਿਛਲੀ ਸੰਸਦ ਵਿਚ 65 ਸੀਟਾਂ ਜਿੱਤੀਆਂ ਸਨ ਪਰ ਇਸ ਵਾਰ ਉਸ ਨੂੰ ਸਿਰਫ 15 ਸੀਟਾਂ ਮਿਲੀਆਂ ਹਨ। 

ਚੀਨ ਪੱਖੀ ਮੰਨੇ ਜਾਣ ਵਾਲੇ 45 ਸਾਲ ਦੇ ਮੁਇਜ਼ੂ ਨੇ ਕਿਹਾ ਹੈ ਕਿ ਉਹ ਅਪਣੇ ਦੇਸ਼ ’ਚ ਭਾਰਤ ਦੇ ਪ੍ਰਭਾਵ ਨੂੰ ਘੱਟ ਕਰਨਾ ਚਾਹੁੰਦੇ ਹਨ। ਸਥਾਨਕ ਮੀਡੀਆ ਨੇ ਐਤਵਾਰ ਨੂੰ ਹੋਈਆਂ ਚੋਣਾਂ ’ਚ ਪੀ.ਐਨ.ਸੀ. ਦੀ ਸ਼ਾਨਦਾਰ ਜਿੱਤ ਨੂੰ ‘ਸ਼ਾਨਦਾਰ ਬਹੁਮਤ’ ਦਸਿਆ। 2019 ਦੀਆਂ ਚੋਣਾਂ ’ਚ, ਤਤਕਾਲੀ ਸੱਤਾਧਾਰੀ ਪਾਰਟੀ ਐਮਡੀਪੀ ਨੇ 64 ਸੀਟਾਂ ਨਾਲ ਸੰਸਦ ’ਚ ਭਾਰੀ ਬਹੁਮਤ ਜਿੱਤਿਆ ਸੀ, ਜਦਕਿ ਤਤਕਾਲੀ ਵਿਰੋਧੀ ਪੀ.ਪੀ.ਐਮ.-ਪੀ.ਐਨ.ਸੀ. ਗੱਠਜੋੜ ਨੇ ਸਿਰਫ ਅੱਠ ਸੀਟਾਂ ਜਿੱਤੀਆਂ ਸਨ। 

ਹਿੰਦ ਮਹਾਂਸਾਗਰ ਵਿਚ ਰਣਨੀਤਕ ਤੌਰ ’ਤੇ ਮਹੱਤਵਪੂਰਨ ਮਾਲਦੀਵ ਵਿਚ ਸੰਸਦੀ ਚੋਣਾਂ ਦੇ ਅਧਿਕਾਰਤ ਨਤੀਜੇ ਇਸ ਹਫਤੇ ਆਉਣ ਦੀ ਉਮੀਦ ਹੈ। ਦੇਸ਼ ਦੀਆਂ ਸੰਸਦੀ ਚੋਣਾਂ ਲਈ 368 ਉਮੀਦਵਾਰ ਮੈਦਾਨ ’ਚ ਸਨ। ਇਨ੍ਹਾਂ ਵਿਚ ਮੁਇਜ਼ੂ ਦੀ ਪੀਪਲਜ਼ ਨੈਸ਼ਨਲ ਕਾਂਗਰਸ (ਪੀ.ਐਨ.ਸੀ.), ਮੁੱਖ ਵਿਰੋਧੀ ਮਾਲਦੀਵੀਅਨ ਡੈਮੋਕ੍ਰੇਟਿਕ ਪਾਰਟੀ (ਐਮ.ਡੀ.ਪੀ.) ਅਤੇ 130 ਆਜ਼ਾਦ ਉਮੀਦਵਾਰ ਸ਼ਾਮਲ ਹਨ। ਲਗਭਗ 40 ਉਮੀਦਵਾਰ ਔਰਤਾਂ ਸਨ। ਹੁਣ ਤਕ ਦੇ ਨਤੀਜੇ ਦਰਸਾਉਂਦੇ ਹਨ ਕਿ ਸਿਰਫ ਤਿੰਨ ਔਰਤਾਂ ਜਿੱਤੀਆਂ ਹਨ। 

ਵਿਰੋਧੀ ਧਿਰ ਐਮ.ਡੀ.ਪੀ. ਦੇ ਚੇਅਰਮੈਨ ਫੈਯਾਜ਼ ਇਸਲਾਈਲ ਨੇ ਸੰਸਦੀ ਚੋਣਾਂ ’ਚ ਐਤਵਾਰ ਦੀ ਸਫਲਤਾ ’ਤੇ ਪੀਐਨਸੀ ਨੂੰ ਵਧਾਈ ਦਿਤੀ। ਮਾਲਦੀਵ ਤੋਂ ਬਾਹਰ ਭਾਰਤ ਦੇ ਤਿਰੂਵਨੰਤਪੁਰਮ, ਸ਼੍ਰੀਲੰਕਾ ਦੇ ਕੋਲੰਬੋ ਅਤੇ ਮਲੇਸ਼ੀਆ ਦੇ ਕੁਆਲਾਲੰਪੁਰ ’ਚ ਬੈਲਟ ਬਾਕਸ ਰੱਖੇ ਗਏ ਸਨ।