ਕੋਵਿਡ 19 : ਹੁਣ ਵੁਹਾਨ ’ਚ ਬਿਨਾ ਲੱਛਣ ਵਾਲੇ ਮਾਮਲਿਆਂ ’ਚ ਹੋ ਰਿਹੈ ਵਾਧਾ, ਮੁੜ ਬਣ ਸਕਦੈ ਕੇਂਦਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਵਿਚ ਕੋਰੋਨਾ ਵਾਇਰਸ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 31 ਬਿਨਾ ਲੱਛਣਾਂ ਵਾਲੇ ਮਾਮਲੇ ਹਨ।

file photo

ਬੀਜਿੰਗ, 21 ਮਈ : ਚੀਨ ਵਿਚ ਕੋਰੋਨਾ ਵਾਇਰਸ ਦੇ 33 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 31 ਬਿਨਾ ਲੱਛਣਾਂ ਵਾਲੇ ਮਾਮਲੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਮਾਮਲੇ ਵੂਹਾਨ ਸ਼ਹਿਰ ਤੋਂ ਸਾਹਮਣੇ ਆਏ ਹਨ, ਜੋ ਕੋਵਿਡ-19 ਦਾ ਕੇਂਦਰ ਰਿਹਾ ਹੈ। 1.1 ਕਰੋੜ ਦੀ ਆਬਾਦੀ ਵਾਲੇ ਵੂਹਾਨ ਸ਼ਹਿਰ ਵਿਚ ਵਾਇਰਸ ਦੀ ਦੂਜੀ ਲਹਿਰ ਨੂੰ ਰੋਕਣ ਲਈ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। 

ਚੀਨ ਦੇ ਰਾਸ਼ਟਰੀ ਸਿਹਤ ਵਿਭਾਗ ਮੁਤਾਬਕ ਦੇਸ਼ ਵਿਚ ਲੱਛਣ ਵਾਲੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਇਕ ਮਾਮਲਾ ਬਾਹਰ ਤੋਂ ਆਇਆ ਹੈ। ਇਸ ਦੀ ਪੁਸ਼ਟੀ ਵੀਰਵਾਰ ਨੂੰ ਗੁਆਂਗਦੋਂਗ ਸੂਬੇ ਵਿਚ ਹੋਈ ਹੈ ਅਤੇ ਇਕ ਮਾਮਲਾ ਬੁਧਵਾਰ ਨੂੰ ਸ਼ਿੰਘਾਈ ਵਿਚ ਸਾਹਮਣੇ ਆਇਆ, ਜੋ ਵਾਇਰਸ ਦੇ ਸਥਾਨਕ ਪ੍ਰਸਾਰ ਦਾ ਮਾਮਲਾ ਹੈ।

ਐੱਨ. ਐੱਚ. ਸੀ. ਨੇ ਕਿਹਾ ਕਿ ਬਿਨਾ ਲੱਛਣਾਂ ਵਾਲੇ ਮਾਮਲਿਆਂ ਵਿਚ ਕਾਫੀ ਵਾਧਾ ਹੋ ਰਿਹਾ ਹੈ। ਦੇਸ਼ ਵਿਚ ਬਿਨਾ ਲੱਛਣ ਵਾਲੇ 31 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿਚ 28 ਮਾਮਲੇ ਵੂਹਾਨ ਵਿਚ ਸਾਹਮਣੇ ਆਏ ਹਨ। ਬੁਧਵਾਰ ਨੂੰ ਇਹ ਮਾਮਲੇ 375 ਤਕ ਪੁੱਜ ਗਏ। ਵਿਭਾਗ ਮੁਤਾਬਕ ਵੂਹਾਨ ਵਿਚ ਬਿਨਾ ਲੱਛਣ ਵਾਲੇ 281 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੇ ਸੰਪਰਕ ਵਿਚ ਆਏ 861 ਲੋਕਾਂ ਨੂੰ ਵੱਖਰਾ ਰਖਿਆ ਗਿਆ ਹੈ। ਅਜਿਹੇ ਮਾਮਲਿਆਂ ਵਿਚ ਰੋਗੀ ਦਾ ਪਤਾ ਲਗਾਉਣ ਵਿਚ ਸਮੱਸਿਆ ਆਉਂਦੀ ਹੈ ਕਿਉਂਕਿ ਵਿਅਕਤੀ ਨੂੰ ਕੋਵਿਡ-19 ਤਾਂ ਹੁੰਦਾ ਹੈ ਪਰ ਉਸ ਵਿਚ ਬੁਖਾਰ, ਖੰਘ ਤੇ ਗਲੇ ਵਿਚ ਖਾਰਸ਼ ਵਰਗੇ ਲੱਛਣ ਨਹੀਂ ਦਿਖਾਈ ਦਿੰਦੇ।ਹਾਲਾਂਕਿ ਇਨ੍ਹਾਂ ਤੋਂ ਬਿਮਾਰੀ ਦੁਜਿਆਂ ਤਕ ਫੈਲਣ ਦਾ ਖ਼ਤਰਾ ਰਹਿੰਦਾ ਹੈ।     (ਪੀਟੀਆਈ)33 ਨਵੇਂ ਮਾਮਲੇ ਆਏ, 31 ਮਾਮਲੇ ਬਿਨਾ ਲੱਛਣ ਵਾਲੇ