‘ਅਮਫ਼ਾਨ’ ਤੂਫ਼ਾਨ ਨੇ ਬੰਗਲਾਦੇਸ਼ ’ਚ ਮਚਾਈ ਤਬਾਹੀ, 10 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ਼ਕਤੀਸ਼ਾਲੀ ਤੂਫ਼ਾਨ ਅਮਫ਼ਾਨ ਨੇ ਬੰਗਲਾਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਇਥੇ 6 ਸਾਲ ਦੇ ਬੱਚੇ ਸਣੇ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ

File Photo

ਢਾਕਾ, 21 ਮਈ : ਸ਼ਕਤੀਸ਼ਾਲੀ ਤੂਫ਼ਾਨ ਅਮਫ਼ਾਨ ਨੇ ਬੰਗਲਾਦੇਸ਼ ਵਿਚ ਤਬਾਹੀ ਮਚਾਈ ਹੋਈ ਹੈ। ਇਥੇ 6 ਸਾਲ ਦੇ ਬੱਚੇ ਸਣੇ ਘੱਟ ਤੋਂ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਇਲਾਕੇ ਪਾਣੀ ਵਿਚ ਡੁੱਬ ਗਏ ਤੇ ਸੈਂਕੜੇ ਘਰਾਂ ਨੂੰ ਨੁਕਸਾਨ ਪੁੱਜਾ। ਅਧਿਕਾਰੀਆਂ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਤਕਰੀਬਨ 2 ਦਹਾਕਿਆਂ ਵਿਚ ਖੇਤਰ ’ਚ ਹੁਣ ਤਕ ਦਾ ਸਭ ਤੋਂ ਭਿਆਨਕ ਤਬਾਹੀ ਵਾਲਾ ਚੱਕਰਵਾਤੀ ਤੂਫ਼ਾਨ ਬੁਧਵਾਰ ਸ਼ਾਮ ਨੂੰ ਬੰਗਲਾਦੇਸ਼ ਪਹੁੰਚਿਆਂ। ਇਹ ਚੱਕਰਵਾਤ ਸਿਦਰ ਦੇ ਬਾਅਦ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। 2007 ਵਿਚ ਸਿਦਰ ਚੱਕਰਵਾਤ ਕਾਰਨ ਤਕਰੀਬਨ 3500 ਲੋਕਾਂ ਦੀ ਮੌਤ ਹੋਈ ਸੀ।

ਸਿਹਤ ਮੰਤਰਾਲੇ ਦੇ ਕੰਟਰੋਲ ਰੂਮ ਦੀ ਬੁਲਾਰਨ ਆਇਸ਼ਾ ਅਖ਼ਤਰ ਨੇ ਕਿਹਾ, ‘‘ਸਾਡੀ ਸ਼ੁਰੂਆਤੀ ਰੀਪੋਰਟ ’ਚ ਅਸੀਂ ਕਹਿ ਸਕਦੇ ਹਾਂ ਕਿ ਚੱਕਰਵਾਤ ਕਾਰਨ 10 ਲੋਕਾਂ ਦੀ ਮੌਤ ਹੋ ਗਈ।’’ ਅਖ਼ਤਰ ਨੇ ਦਸਿਆ ਕਿ ਤੱਟਵਰਤੀ ਖੇਤਰਾਂ ’ਚ ਤਾਇਨਾਤ ਅਧਿਕਾਰੀ ਹਾਲੇ ਤਕ 6 ਮ੍ਰਿਤਕਾਂ ਦੀ ਪਹਿਚਾਣ ਕਰ ਸਕੇ ਹਨ ਜਦਕਿ ਪ੍ਰਭਾਵਤ ਇਲਾਕੇ ’ਚ ਮੈਡੀਕਲ ਜ਼ਰੂਰਤ ਅਤੇ ਹੋਰ ਰਾਣਕਾਰੀ ਦੀ ਆਕਲਨ ਪ੍ਰਕੀਰੀਆ ਚੱਲ ਰਹੀ ਹੈ। 

ਢਾਕਾ ਟ੍ਰਿਬਿਊਨ ਨੇ ਦਸਿਆ ਕਿ ਬੰਗਲਾਦੇਸ਼ ਦੇ ਤੱਟਵਰਤੀ ਜ਼ਿਲਿ੍ਹਆਂ ਵਿਚ ਚੱਕਰਵਾਤ ਨਾਲ ਕਈ ਹੇਠਲੇ ਇਲਾਕੇ ਡੁੱਬ ਗਏ, ਦਰੱਖਤ ਟੁੱਟ ਗਏ ਅਤੇ ਘਰ ਤਬਾਹ ਹੋ ਗਏ। ਮ੍ਰਿਤਕਾਂ ਵਿਚ ਬਰਗੁਨਾ, ਸਤਿਖ਼ਰਾ, ਪਿਰੋਜਪੁਰ, ਭੋਲਾ ਤੇ ਪਟੁਆਖਲੀ ਜ਼ਿਲਿ੍ਹਆਂ ਦੇ 7 ਲੋਕ ਸ਼ਾਮਲ ਹਨ। ਖਬਰ ਵਿਚ ਅਧਿਕਾਰੀਆਂ ਦੇ ਹਵਾਲੇ ਤੋਂ ਦਸਿਆ ਗਿਆ ਕਿ ਬਰਗੁਨਾ ਵਿਚ ਡੁੱਬਣ ਕਾਰਨ 60 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦਕਿ ਸਤਖਿਰਾ ਵਿਚ ਦਰੱਖਤ ਡਿੱਗਣ ਕਾਰਨ 40 ਸਾਲਾ ਔਰਤ ਦੀ ਮੌਤ ਹੋ ਗਈ। ਪਿਰੋਜਪੁਰ ਵਿਚ 6 ਸਾਲਾ ਵਿਅਕਤੀ ਉੱਪਰ ਕੰਧ ਡਿੱਗ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਭੋਲਾ ਵਿਚ ਤੂਫਾਨ ਕਾਰਨ 2 ਲੋਕਾਂ ਨੇ ਜਾਨ ਗੁਆਈ। 

ਮੌਸਮ ਵਿਗਿਆਨੀਆਂ ਮੁਤਾਬਕ ਤੂਫਾਨ ਨੇ ਤਕਰੀਬਨ 160 ਤੋਂ 180 ਪ੍ਰਤੀ ਘੰਟੇ ਦੀ ਰਫਤਾਰ ਨਾਲ ਬੁਧਵਾਰ ਨੂੰ ਸ਼ਾਮ 5 ਵਜੇ ਬੰਗਲਾਦੇਸ਼ ਤਟ ਪਾਰ ਕਰਨਾ ਸ਼ੁਰੂ ਕੀਤਾ। ਬੰਗਲਾਦੇਸ਼ ਨੇ 20 ਲੱਖ ਤੋਂ ਵਧੇਰੇ ਲੋਕਾਂ ਨੂੰ ਕੈਂਪਾਂ ਵਿਚ ਭੇਜਿਆ ਅਤੇ ਇਸ ਸ਼ਕਤੀਸ਼ਾਲੀ ਤੂਫਾਨ ਨਾਲ ਨਜਿੱਠਣ ਲਈ ਫੌਜ ਨੂੰ ਤਾਇਨਾਤ ਕੀਤਾ ਹੈ।    (ਪੀਟੀਆਈ)

‘ਅਮਫ਼ਾਲ’ ਕਾਰਨ ਭਾਰਤ ਤੇ ਬੰਗਲਾਦੇਸ਼ ’ਚ 1.9 ਕਰੋੜ ਬੱਚੇ ਖ਼ਤਰੇ ਵਿਚ : ਯੂਨੀਸੇਫ
ਸੰਯੁਕਤ ਰਾਸ਼ਟਰ, 21 ਮਈ : ਯੂਨੀਸੇਫ ਨੇ ਚਿਤਾਵਨੀ ਦਿਤੀ ਹੈ ਕਿ ਭਾਰਤ ਅਤੇ ਬੰਗਲਾਦੇਸ਼ ’ਚ ਚੱਕਰਵਾਤ ਅਮਫ਼ਾਲ ਕਾਰਨ ਅਚਾਨਕ ਹੜ ਆਉਣ ਅਤੇ ਬਾਰਿਸ਼ ਹੋਣ ਕਾਰਨ ਘੱਟ ਤੋਂ ਘੱਟ 1.9 ਕਰੋੜ ਬੱਚੇ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਨਾਲ ਹੀ, ਪਛਮੀ ਬੰਗਾਲ ਦੇ ਸਿੱਧੇ ਤੌਰ ’ਤੇ ਇਸ ਤੁਫ਼ਾਨ ਦੀ ਚਪੇਟ  ’ਚ ਆਉਣ ਦਾ ਖਦਸ਼ਾ ਹੈ। ਤੁਫ਼ਾਨ ਨੇ ਬੁਧਵਾਰ ਨੂੰ ਪਛਮੀ ਬੰਗਾਲ ਦੇ ਦੀਘਾ ਅਤੇ ਬੰਗਲਾਦੇਸ਼ ’ਚ ਹਟੀਆ ਟਾਪੂ ਦੇ ਤੱਟ ’ਤੇ ਪਹੁੰਚਣ ਕਾਰਨ ਤੱਟਵਰਤੀ ਖੇਤਰਾਂ ’ਚ ਭਾਰਤੀ ਤਬਾਹੀ ਹੋਈ ਹੈ। ਤੁਫ਼ਾਨ ਕਾਰਨ ਵੱਡੀ ਗਿਣਤੀ ’ਚ ਦਰਖ਼ਤ ਅਤੇ ਬਿਜਲੀ ਦੇ ਖੰਬੇ ਟੁੱਟ ਗਏ, ਉਥੇ ਹੀ ਕੱਚੇ ਮਕਾਨਾਂ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਸੰਯੁਤਕ ਰਾਸ਼ਟਰ ਦੀ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਪਛਮੀ ਬੰਗਾਲ ’ਚ 1.6 ਕਰੋੜ ਬੱਚਿਆਂ ਸਮੇਤ ਪੰਜ ਕਰੋੜ ਤੋਂ ਵੱਧ ਲੋਕ ਰਹਿੰਦੇ ਹਨ ਅਤੇ ਤੁਫ਼ਾਨ ਕਾਰਨ ਉਨ੍ਹਾਂ ਦੇ ਸਿੱਧੇ ਤੌਰ ’ਤੇ ਪ੍ਰਭਾਵਤ ਹੋਣ ਦਾ ਖਦਸ਼ਾ ਹੈ।(ਪੀਟੀਆਈ)