Nijjar Murder Case: ਤਿੰਨ ਦੋਸ਼ੀ ਭਾਰਤੀ ਕੈਨੇਡਾ ਦੀ ਅਦਾਲਤ 'ਚ ਪੇਸ਼, ਚੌਥੇ ਦੀ ਵੀਡੀਓ ਕਾਨਫ਼ਰੰਸ ਰਾਹੀਂ ਹੋਈ ਪੇਸ਼ੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਜੱਜ ਨੇ ਉਨ੍ਹਾਂ ਨੂੰ ਭਾਈਚਾਰੇ ਦੇ ਲੋਕਾਂ ਨਾਲ ਸੰਪਰਕ ਨਾ ਰੱਖਣ ਦਾ ਆਦੇਸ਼ ਦਿੱਤਾ।

Nijjar Murder Case: Three accused Indians appeared in the court of Canada

Nijjar Murder Case: ਓਟਾਵਾ - ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ੀ ਤਿੰਨ ਭਾਰਤੀ ਨਾਗਰਿਕਾਂ ਨੂੰ ਮੰਗਲਵਾਰ ਨੂੰ ਕੈਨੇਡਾ ਦੀ ਇਕ ਅਦਾਲਤ 'ਚ ਪੇਸ਼ ਕੀਤਾ ਗਿਆ। ਜੱਜ ਨੇ ਉਨ੍ਹਾਂ ਨੂੰ ਭਾਈਚਾਰੇ ਦੇ ਲੋਕਾਂ ਨਾਲ ਸੰਪਰਕ ਨਾ ਰੱਖਣ ਦਾ ਆਦੇਸ਼ ਦਿੱਤਾ।

ਵੈਨਕੂਵਰ ਸਨ ਦੀ ਖ਼ਬਰ ਮੁਤਾਬਕ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨਪ੍ਰੀਤ ਸਿੰਘ (28) ਸਰੀ ਦੀ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਕੋਰਟ ਵਿਚ ਨਿੱਜੀ ਤੌਰ 'ਤੇ ਪੇਸ਼ ਹੋਏ ਜਦਕਿ ਅਮਨਦੀਪ ਸਿੰਘ (22) ਵੀਡੀਓ ਕਾਨਫ਼ਰੰਸਿੰਗ ਰਾਹੀਂ ਸੁਣਵਾਈ ਲਈ ਪੇਸ਼ ਹੋਏ।

ਬ੍ਰਿਟਿਸ਼ ਕੋਲੰਬੀਆ ਦੇ ਇਕ ਜੱਜ ਨੇ ਚਾਰਾਂ ਨੂੰ ਅਦਾਲਤ ਵਿਚ ਪੇਸ਼ੀ ਦੌਰਾਨ ਭਾਈਚਾਰੇ ਦੇ ਮੈਂਬਰਾਂ ਨਾਲ ਸੰਪਰਕ ਨਾ ਕਰਨ ਦਾ ਆਦੇਸ਼ ਦਿੱਤਾ। ਅਦਾਲਤ ਵਿਚ ਪੇਸ਼ੀ ਦੌਰਾਨ ਮੁਲਜ਼ਮਾਂ ਨੇ ਜੇਲ੍ਹ ਦੀ ਵਰਦੀ ਪਹਿਨੀ ਹੋਈ ਸੀ। ਚੌਥਾ ਦੋਸ਼ੀ ਅਮਨਦੀਪ ਹਥਿਆਰਾਂ ਦੇ ਇਕ ਹੋਰ ਮਾਮਲੇ 'ਚ ਓਨਟਾਰੀਓ 'ਚ ਹਿਰਾਸਤ 'ਚ ਹੈ। 

ਕਰਨ ਬਰਾੜ ਦੇ ਵਕੀਲ ਰਿਚਰਡ ਫਾਊਲਰ ਨੇ ਵੈਨਕੂਵਰ ਸਨ ਨੂੰ ਦੱਸਿਆ, "ਭਾਈਚਾਰਾ ਇਸ ਕੇਸ ਨੂੰ ਲੈ ਕੇ ਇੰਨਾ ਚਿੰਤਤ ਕਿਉਂ ਹੈ, ਇਹ ਪੂਰੀ ਤਰ੍ਹਾਂ ਸਮਝਣ ਯੋਗ ਹੈ। ਇਸ ਨੂੰ ਦੇਖਦੇ ਹੋਏ ਮੈਨੂੰ ਲੱਗਦਾ ਹੈ ਕਿ ਜਿਨ੍ਹਾਂ 'ਤੇ ਅਪਰਾਧ ਦੇ ਦੋਸ਼ ਲੱਗੇ ਹਨ, ਉਨ੍ਹਾਂ ਨੂੰ ਨਿਰਪੱਖ ਸੁਣਵਾਈ ਦਿੱਤੀ ਜਾਣੀ ਚਾਹੀਦੀ ਹੈ। ’’ਸੈਂਕੜੇ ਸਮਰਥਕ ਗਰਮਖਿਆਲੀਆਂ ਦੇ ਹੱਕ ਵਿਚ ਝੰਡੇ ਤੇ ਪੋਸਟਰ ਲੈ ਕੇ ਅਦਾਲਤ ਵਿਚ ਆਏ।  ਗਰਮਖਿਆਲੀ ਨਿੱਜਰ (45) ਦਾ 18 ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਕਤਲ ਕਰ ਦਿੱਤਾ ਗਿਆ ਸੀ।