ਨਾਰਵੇ, ਆਇਰਲੈਂਡ ਅਤੇ ਸਪੇਨ ਦਾ ਇਤਿਹਾਸਕ ਕਦਮ, ਫਲਸਤੀਨ ਨੂੰ ਇਕ ਰਾਜ ਵਜੋਂ ਮਾਨਤਾ ਦਿਤੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਵਾਬ ਵਿਚ ਇਜ਼ਰਾਈਲ ਨੇ ਨਾਰਵੇ ਅਤੇ ਆਇਰਲੈਂਡ ਤੋਂ ਅਪਣੇ ਰਾਜਦੂਤਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ

File Photo.

ਬਾਰਸੀਲੋਨਾ (ਸਪੇਨ): ਨਾਰਵੇ, ਆਇਰਲੈਂਡ ਅਤੇ ਸਪੇਨ ਨੇ ਬੁਧਵਾਰ ਨੂੰ ਫਲਸਤੀਨ ਨੂੰ ਇਕ ਦੇਸ਼ ਵਜੋਂ ਮਾਨਤਾ ਦੇਣ ਦਾ ਇਤਿਹਾਸਕ ਕਦਮ ਚੁਕਿਆ, ਜਿਸ ਦੀ ਇਜ਼ਰਾਈਲ ਨੇ ਆਲੋਚਨਾ ਕੀਤੀ ਹੈ, ਜਦਕਿ ਫਲਸਤੀਨੀਆਂ ਨੇ ਖ਼ੁਸ਼ੀ ਪ੍ਰਗਟਾਈ ਹੈ। ਇਸ ਦੇ ਜਵਾਬ ਵਿਚ ਇਜ਼ਰਾਈਲ ਨੇ ਨਾਰਵੇ ਅਤੇ ਆਇਰਲੈਂਡ ਤੋਂ ਅਪਣੇ ਰਾਜਦੂਤਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਹੈ।

ਨਾਰਵੇ ਨੇ ਸੱਭ ਤੋਂ ਪਹਿਲਾਂ ਮਾਨਤਾ ਦੇਣ ਦੇ ਫੈਸਲੇ ਦਾ ਐਲਾਨ ਕੀਤਾ। ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗਾਰ ਸਤੂਰ ਨੇ ਕਿਹਾ, ‘‘ਜੇਕਰ ਮਾਨਤਾ ਨਹੀਂ ਦਿਤੀ ਜਾਂਦੀ ਤਾਂ ਮੱਧ ਪੂਰਬ ’ਚ ਸ਼ਾਂਤੀ ਕਾਇਮ ਨਹੀਂ ਹੋ ਸਕੇਗੀ।’’ ਉਨ੍ਹਾਂ ਕਿਹਾ ਕਿ ਨਾਰਵੇ 28 ਮਈ ਤਕ ਫਲਸਤੀਨ ਨੂੰ ਇਕ ਰਾਜ ਵਜੋਂ ਮਾਨਤਾ ਦੇਵੇਗਾ। ਉਨ੍ਹਾਂ ਕਿਹਾ, ‘‘ਫਿਲਸਤੀਨੀ ਰਾਜ ਨੂੰ ਮਾਨਤਾ ਦੇ ਕੇ ਨਾਰਵੇ ਅਰਬ ਸ਼ਾਂਤੀ ਯੋਜਨਾ ਦਾ ਸਮਰਥਨ ਕਰਦਾ ਹੈ।’’ 

ਯੂਰਪੀਅਨ ਯੂਨੀਅਨ ਦੇ ਕਈ ਦੇਸ਼ਾਂ ਨੇ ਪਿਛਲੇ ਹਫਤਿਆਂ ’ਚ ਸੰਕੇਤ ਦਿਤਾ ਹੈ ਕਿ ਉਹ ਮਾਨਤਾ ਦੇਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੀ ਦਲੀਲ ਇਹ ਹੈ ਕਿ ਇਲਾਕੇ ’ਚ ਸ਼ਾਂਤੀ ਲਈ ਦੋ-ਰਾਜ ਹੱਲ ਜ਼ਰੂਰੀ ਹੈ। ਨਾਰਵੇ ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਦੋ-ਰਾਜ ਹੱਲ ਦਾ ਪੱਕਾ ਸਮਰਥਕ ਰਿਹਾ ਹੈ। ਇਹ ਯੂਰਪੀਅਨ ਯੂਨੀਅਨ ਦਾ ਮੈਂਬਰ ਨਹੀਂ ਹੈ, ਪਰ ਇਸ ਮੁੱਦੇ ’ਤੇ ਉਸ ਦੀ ਸਥਿਤੀ ਯੂਰਪੀਅਨ ਯੂਨੀਅਨ ਦੇ ਹੋਰ ਮੈਂਬਰਾਂ ਵਰਗੀ ਹੈ।

ਨਾਰਵੇ ਸਰਕਾਰ ਨੇ ਕਿਹਾ, ‘‘ਹਮਾਸ ਅਤੇ ਅਤਿਵਾਦੀ ਸਮੂਹਾਂ ਵਲੋਂ ਦਹਿਸ਼ਤ ਫੈਲਾਈ ਹੈ ਜੋ ਦੋ-ਰਾਜ ਹੱਲ ਅਤੇ ਇਜ਼ਰਾਈਲ ਸਰਕਾਰ ਦਾ ਸਮਰਥਨ ਨਹੀਂ ਕਰਦੇ।’’ ਇਹ ਕਦਮ ਤਾਂ ਚੁਕਿਆ ਗਿਆ ਹੈ ਜਦੋਂ ਇਜ਼ਰਾਈਲੀ ਫੌਜ ਨੇ ਮਈ ’ਚ ਗਾਜ਼ਾ ਪੱਟੀ ਦੇ ਉੱਤਰੀ ਅਤੇ ਦਖਣੀ ਹਿੱਸਿਆਂ ’ਚ ਕੀਤੇ ਹਮਲੇ ਕੀਤੇ, ਜਿਸ ’ਚ ਹਜ਼ਾਰਾਂ ਲੋਕਾਂ ਨੂੰ ਵਿਸਥਾਪਿਤ ਹੋਣਾ ਪਿਆ। ਇਸ ਦੇ ਨਾਲ ਹੀ ਉਸ ਨੇ ਮਨੁੱਖੀ ਸਹਾਇਤਾ ਦੀ ਸਪਲਾਈ ’ਚ ਵੀ ਵਿਘਨ ਪਾਇਆ ਹੈ, ਜਿਸ ਨਾਲ ਭੁੱਖਮਰੀ ਦਾ ਖਤਰਾ ਵਧ ਗਿਆ ਹੈ। 

ਨਾਰਵੇ ਨੇ 1993 ਵਿਚ ਪਹਿਲੇ ਓਸਲੋ ਸਮਝੌਤੇ ’ਤੇ ਦਸਤਖਤ ਕਰਨ ਤੋਂ 30 ਸਾਲ ਬਾਅਦ ਫਲਸਤੀਨੀ ਰਾਜ ਨੂੰ ਮਾਨਤਾ ਦਿਤੀ ਹੈ। ਨਾਰਵੇ ਸਰਕਾਰ ਨੇ ਕਿਹਾ, ‘‘ਉਦੋਂ ਤੋਂ ਫਿਲਸਤੀਨੀਆਂ ਨੇ ਦੋ-ਰਾਜ ਹੱਲ ਦੀ ਦਿਸ਼ਾ ਵਿਚ ਮਹੱਤਵਪੂਰਨ ਕਦਮ ਚੁਕੇ ਹਨ।’’

ਉਸ ਨੇ ਕਿਹਾ ਕਿ ਵਿਸ਼ਵ ਬੈਂਕ ਨੇ ਕਿਹਾ ਹੈ ਕਿ ਫਲਸਤੀਨ ਨੇ 2011 ਵਿਚ ਅਪਣੇ ਲੋਕਾਂ ਨੂੰ ਮਹੱਤਵਪੂਰਨ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤੀਆਂ ਕੌਮੀ ਸੰਸਥਾਵਾਂ ਦੀ ਸਥਾਪਨਾ ਕਰ ਕੇ ਇਕ ਦੇਸ਼ ਦੇ ਤੌਰ ’ਤੇ ਕੰਮ ਕਰਨ ਲਈ ਇਕ ਮਹੱਤਵਪੂਰਨ ਮਾਪਦੰਡ ਨੂੰ ਪੂਰਾ ਕੀਤਾ। 

ਆਇਰਲੈਂਡ ਦੇ ਪ੍ਰਧਾਨ ਮੰਤਰੀ ਸਾਈਮਨ ਹੈਰਿਸ ਨੇ ਵੀ ਬੁਧਵਾਰ ਨੂੰ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਹ ਸਪੇਨ ਅਤੇ ਨਾਰਵੇ ਨਾਲ ਤਾਲਮੇਲ ਵਾਲਾ ਕਦਮ ਹੈ ਜੋ ਆਇਰਲੈਂਡ ਅਤੇ ਫਿਲਸਤੀਨ ਲਈ ਇਤਿਹਾਸਕ ਅਤੇ ਮਹੱਤਵਪੂਰਨ ਦਿਨ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਦੋ-ਰਾਜ ਹੱਲ ਰਾਹੀਂ ਇਜ਼ਰਾਈਲ-ਫਲਸਤੀਨੀ ਸੰਘਰਸ਼ ਨੂੰ ਸੁਲਝਾਉਣ ਵਿਚ ਮਦਦ ਕਰਨਾ ਹੈ। 

ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ 28 ਮਈ ਨੂੰ ਫਲਸਤੀਨ ਨੂੰ ਇਕ ਰਾਜ ਵਜੋਂ ਮਾਨਤਾ ਦੇਵੇਗਾ। ਸਪੇਨ ਦੇ ਸਮਾਜਵਾਦੀ ਨੇਤਾ ਸਾਂਚੇਜ਼ ਨੇ ਬੁਧਵਾਰ ਨੂੰ ਦੇਸ਼ ਦੀ ਸੰਸਦ ਵਿਚ ਇਹ ਐਲਾਨ ਕੀਤਾ। ਸਾਂਚੇਜ਼ ਨੇ ਗਾਜ਼ਾ ਵਿਚ ਸੰਭਾਵਤ ਜੰਗਬੰਦੀ ਦੇ ਨਾਲ-ਨਾਲ ਫਲਸਤੀਨ ਨੂੰ ਮਾਨਤਾ ਦੇਣ ਲਈ ਸਮਰਥਨ ਇਕੱਠਾ ਕਰਨ ਲਈ ਯੂਰਪ ਅਤੇ ਮੱਧ ਪੂਰਬ ਵਿਚ ਕਈ ਮਹੀਨਿਆਂ ਦੀ ਯਾਤਰਾ ਕੀਤੀ ਹੈ। 

ਦੂਜੇ ਪਾਸੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਨੇ ਇਨ੍ਹਾਂ ਕਦਮਾਂ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਆਇਰਲੈਂਡ ਅਤੇ ਨਾਰਵੇ ਦੇ ਇਜ਼ਰਾਈਲੀ ਰਾਜਦੂਤਾਂ ਨੂੰ ਤੁਰਤ ਦੇਸ਼ ਪਰਤਣ ਦਾ ਹੁਕਮ ਦਿਤਾ। ਉਨ੍ਹਾਂ ਕਿਹਾ ਕਿ ਆਇਰਲੈਂਡ ਅਤੇ ਨਾਰਵੇ ਅੱਜ ਫਲਸਤੀਨੀਆਂ ਅਤੇ ਪੂਰੀ ਦੁਨੀਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਅਤਿਵਾਦ ਦਾ ਫਾਇਦਾ ਮਿਲਦਾ ਹੈ।

ਉਨ੍ਹਾਂ ਕਿਹਾ ਕਿ ਇਹ ਮਾਨਤਾ ਗਾਜ਼ਾ ਵਿਚ ਬੰਦ ਇਜ਼ਰਾਈਲੀ ਬੰਧਕਾਂ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਵਿਚ ਰੁਕਾਵਟ ਪੈਦਾ ਕਰ ਸਕਦੀ ਹੈ। ਉਨ੍ਹਾਂ ਨੇ ਧਮਕੀ ਦਿਤੀ ਕਿ ਜੇਕਰ ਸਪੇਨ ਨੇ ਅਜਿਹਾ ਕਦਮ ਚੁਕਿਆ ਤਾਂ ਉਹ ਸਪੇਨ ਤੋਂ ਅਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲੈਣਗੇ। ਫਿਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਨਾਰਵੇ ਦੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਹੋਰ ਦੇਸ਼ਾਂ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ।