ਰਿਸ਼ੀ ਸੁਨਕ ਨੇ 4 ਜੁਲਾਈ ਨੂੰ ਯੂ.ਕੇ. ਦੀਆਂ ਆਮ ਚੋਣਾਂ ਦਾ ਐਲਾਨ ਕੀਤਾ
ਸੁਨਕ ਨੇ ਬ੍ਰਿਟਿਸ਼ ਵੋਟਰਾਂ ਸਾਹਮਣੇ ਅਪਣੇ ਕਾਰਜਕਾਲ ਦਾ ਰੀਕਾਰਡ ਪੇਸ਼ ਵੀ ਕੀਤਾ
British PM Rishi Sunak
ਲੰਡਨ: ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਬੁਧਵਾਰ ਨੂੰ ਐਲਾਨ ਕੀਤਾ ਕਿ ਦੇਸ਼ ’ਚ 4 ਜੁਲਾਈ ਨੂੰ ਆਮ ਚੋਣਾਂ ਹੋਣਗੀਆਂ। ਉਨ੍ਹਾਂ ਦੇ ਐਲਾਨ ਦੇ ਨਾਲ ਹੀ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਚੱਲ ਰਹੇ ਕਿਆਸੇ ਖਤਮ ਹੋ ਗਏ ਹਨ।
ਲੰਡਨ ਵਿਚ ਮੀਂਹ ਦੇ ਵਿਚਕਾਰ ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਸੁਨਕ ਨੇ ਪੁਸ਼ਟੀ ਕੀਤੀ ਕਿ ਵੋਟਿੰਗ ਛੇ ਹਫਤਿਆਂ ਵਿਚ ਹੋਵੇਗੀ। ਪ੍ਰਧਾਨ ਮੰਤਰੀ ਰਸਮੀ ਤੌਰ ’ਤੇ ਕਿੰਗ ਚਾਰਲਸ ਨੂੰ ਚੋਣਾਂ ਦੀ ਤਾਰੀਖ ਬਾਰੇ ਸੂਚਿਤ ਕਰਨਗੇ ਅਤੇ ਇਸ ਤੋਂ ਤੁਰਤ ਬਾਅਦ ਸੰਸਦ ਭੰਗ ਕਰ ਦਿਤੀ ਜਾਵੇਗੀ।
44 ਸਾਲ ਦੇ ਸੁਨਕ ਨੇ ਬ੍ਰਿਟਿਸ਼ ਵੋਟਰਾਂ ਸਾਹਮਣੇ ਅਪਣੇ ਕਾਰਜਕਾਲ ਦਾ ਰੀਕਾਰਡ ਪੇਸ਼ ਕੀਤਾ। ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਮਜ਼ਬੂਤ ਸੁਰੱਖਿਆ ਪ੍ਰਦਾਨ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ ... ਹੁਣ ਸਮਾਂ ਆ ਗਿਆ ਹੈ ਕਿ ਬਰਤਾਨੀਆਂ ਅਪਣਾ ਭਵਿੱਖ ਚੁਣੇ।’’