Editorial: ਆਸਿਮ ਮੁਨੀਰ : ਫੀਲਡ ਜਾਂ ਫੇਲ੍ਹਡ ਮਾਰਸ਼ਲ?
Editorial: ਅਯੂਬ ਖ਼ਾਨ ਤੋਂ ਬਾਅਦ ਉਹ ਪਾਕਿਸਤਾਨ ਦਾ ਦੂਜਾ ਫੀਲਡ ਮਾਰਸ਼ਲ ਹੈ
Asim Munir: Field or failed marshal Editorial: ਪਾਕਿਸਤਾਨ ਸਰਕਾਰ ਵਲੋਂ ਥਲ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਨੂੰ ਤਰੱਕੀ ਦੇ ਕੇ ਪੰਜ ਸਿਤਾਰਾ ਜਨਰਲ ਦੇ ਰੂਪ ਵਿਚ ਫੀਲਡ ਮਾਰਸ਼ਲ ਬਣਾਉਣ ਦਾ ਐਲਾਨ ਵਿਵਾਦਾਂ ਵਿਚ ਘਿਰ ਗਿਆ ਹੈ। ਅਯੂਬ ਖ਼ਾਨ ਤੋਂ ਬਾਅਦ ਉਹ ਪਾਕਿਸਤਾਨ ਦਾ ਦੂਜਾ ਫੀਲਡ ਮਾਰਸ਼ਲ ਹੈ। ਜ਼ਿਕਰਯੋਗ ਹੈ ਕਿ ਅਯੂਬ ਖ਼ਾਨ ਨੇ 1961 ਵਿਚ ਜਦੋਂ ਖ਼ੁਦ ਨੂੰ ਫ਼ੀਲਡ ਮਾਰਸ਼ਲ ਦਾ ਰੁਤਬਾ ਬਖ਼ਸ਼ਿਸ਼ ਕੀਤਾ ਸੀ, ਉਦੋਂ ਉਹ ਪਾਕਿਸਤਾਨ ਦਾ ਸਦਰ (ਰਾਸ਼ਟਰਪਤੀ) ਸੀ। ਉਸ ਸਮੇਂ ਸੋਸ਼ਲ ਮੀਡੀਆ ਤਾਂ ਹੁੰਦਾ ਨਹੀਂ ਸੀ, ਮੀਡੀਆ ਵੀ ਬੁਨਿਆਦੀ ਤੌਰ ’ਤੇ ਪ੍ਰਿੰਟ ਮੀਡੀਆ ਦੇ ਰੂਪ ਵਿਚ ਸੀ।
ਲਿਹਾਜ਼ਾ, ਅਯੂਬ ਵਲੋਂ ਖ਼ੁਦ ਨੂੰ ਹੀ ਫੀਲਡ ਮਾਰਸ਼ਲ ਬਣਾਏ ਜਾਣ ਦੀ ਆਲੋਚਨਾ ਬਹੁਤ ਸੀਮਤ ਜਹੀ ਰਹੀ ਸੀ। ਹੁਣ ਜਨਰਲ ਮੁਨੀਰ ਨੂੰ ਫ਼ੌਜ ਦਾ ਸਭ ਤੋਂ ਉੱਚਾ ਰੁਤਬਾ ਦਿਤੇ ਜਾਣ ਦੇ ਪਾਕਿਸਤਾਨੀ ਮੰਤਰੀ ਮੰਡਲ ਦੇ ਫ਼ੈਸਲੇ ਨੂੰ ਸੋਸ਼ਲ ਮੀਡੀਆ ’ਤੇ ਸਰਾਹਿਆ ਘੱਟ ਅਤੇ ਭੰਡਿਆ ਵੱਧ ਜਾ ਰਿਹਾ ਹੈ। ਉਂਜ ਵੀ, ਇਸ ਫ਼ੈਸਲੇ ਨੂੰ ਆਸਿਮ ਮੁਨੀਰ ਵਲੋਂ ਖ਼ੁਦ ਨੂੰ ਹੀ ਤਰੱਕੀ ਦੇਣਾ ਕਰਾਰ ਦਿਤਾ ਜਾ ਰਿਹਾ ਹੈ। ਇਸ ਤਰਜ਼ ਦੇ ਵਿਚਾਰਾਂ ਦੀ ਵਜ੍ਹਾ ਇਹ ਹੈ ਕਿ ਵਜ਼ੀਰੇ ਆਜ਼ਮ ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਦਾ ਵਜੂਦ ਹੀ ਜਨਰਲ ਮੁਨੀਰ ਦੀ ਨਜ਼ਰ-ਇ-ਇਨਾਇਤ ’ਤੇ ਟਿਕਿਆ ਹੋਇਆ ਹੈ।
ਇਸੇ ਲਈ ਸਰਕਾਰ ਦੇ ਹਰ ਅਹਿਮ ਫ਼ੈਸਲੇ ’ਤੇ ਛਾਪ ਜਨਰਲ ਮੁਨੀਰ ਦੀ ਮੰਨੀ ਜਾਂਦੀ ਰਹੀ ਹੈ। ਇਸ ਜਨਰਲ ਨੇ 2024 ਦੀਆਂ ਆਮ ਚੋਣਾਂ ਵਿਚ ਇਮਰਾਨ ਖ਼ਾਨ ਦੀ ਪਾਰਟੀ ‘ਤਹਿਰੀਕ-ਇ-ਇਨਸਾਫ਼’ (ਪੀ.ਟੀ.ਆਈ) ਦੀ ਜਿੱਤ ਨੂੰ ਹਾਰ ਵਿਚ ਬਦਲਿਆ, ਸੁਪਰੀਮ ਕੋਰਟ ਤੇ ਸੂਬਾਈ ਹਾਈ ਕੋਰਟਾਂ ਦੇ ਜੱਜਾਂ ਨੂੰ ਡਰਾ ਕੇ ਰੱਖਿਆ ਅਤੇ ਸਿਵਲੀਅਨ ਸਰਕਾਰ ਨੂੰ ਲਗਾਤਾਰ ਅਪਣੇ ਅੰਗੂਠੇ ਹੇਠ ਰੱਖਿਆ। ਉਸ ਦੇ ਨਿੰਦਕ-ਆਲੋਚਕ ਉਸ ਉਪਰ ਪਹਿਲਗਾਮ ਹੱਤਿਆ-ਕਾਂਡ ਦੀ ਸਾਜ਼ਿਸ਼ ਰਚਣ ਅਤੇ ਭਾਰਤ ਨੂੰ ਇਸ ਦੇ ਜਵਾਬ ਲਈ ਮਜਬੂਰ ਕਰਨ ਦੇ ਦੋਸ਼ ਵੀ ਲਾਉਂਦੇ ਹਨ। ਇਹ ਕਿਹਾ ਜਾਂਦਾ ਹੈ ਕਿ ਬਲੋਚ ਤੇ ਪਖ਼ਤੂਨ ਵੱਖਵਾਦੀਆਂ ਦੇ ਵਿਦਰੋਹ ਕੁਚਲ ਨਾ ਸਕਣ ਦੀ ਨਾਕਾਮੀ ਨੂੰ ਢਕਣ ਲਈ ਮੁਨੀਰ ਨੇ ਭਾਰਤ ਨਾਲ ਪੇਚਾ ਪਾਉਣ ਵਾਲਾ ਦਾਅ ਖੇਡਿਆ। ਇਹ ਰਾਇ ਸੋਸ਼ਲ ਮੀਡੀਆ ’ਤੇ ਆਮ ਹੀ ਹੈ ਕਿ ਮੁਨੀਰ ਨੂੰ ‘ਫੀਲਡ ਮਾਰਸ਼ਲ’ ਨਹੀਂ, ‘ਫੇਲ੍ਹਡ ਮਾਰਸ਼ਲ’ ਦਾ ਰੁਤਬਾ ਮਿਲਣਾ ਚਾਹੀਦਾ ਸੀ।
ਇਸ ਕਿਸਮ ਦੇ ਵਿਰੋਧ ਦੀ ਇਕ ਵਜ੍ਹਾ ਤਾਂ ਇਮਰਾਨ ਖ਼ਾਨ ਦੀ ਨਿਰੰਤਰ ਨਜ਼ਰਬੰਦੀ ਹੈ। ਪੀ.ਟੀ.ਆਈ ਦਾ ਕਾਡਰ ਭਾਵੇਂ ਅਪਣਾ ਮੁੱਖ ਨਿਸ਼ਾਨਾ ਸ਼ਹਿਬਾਜ਼ ਸ਼ਰੀਫ਼ ਨੂੰ ਬਣਾਉਂਦਾ ਆਇਆ ਹੈ, ਫਿਰ ਵੀ ਉਹ ਸ਼ਹਿਬਾਜ਼ ਸ਼ਰੀਫ਼ ਨੂੰ ਵਜ਼ੀਰੇ ਆਜ਼ਮ ਦਾ ਅਹੁਦਾ ਸੌਂਪਣ ਪਿੱਛੇ ਜਨਰਲ ਮੁਨੀਰ ਵਲੋਂ ਨਿਭਾਈ ਭੂਮਿਕਾ ਨੂੰ ਭੁੱਲਿਆ ਨਹੀਂ। ਸ਼ਹਿਬਾਜ਼ ਨੇ ਇਸ ਮਦਦ ਦੇ ਇਵਜ਼ ਵਿਚ ਥਲ ਸੈਨਾ ਮੁਖੀ ਦਾ ਕਾਰਜਕਾਲ ਤਿੰਨ ਦੀ ਥਾਂ ਪੰਜ ਵਰਿ੍ਹਆਂ ਦਾ ਬਣਾ ਦਿਤਾ। ਇਸ ਤਰ੍ਹਾਂ ਮੁਨੀਰ ਦੀ ਇਸ ਸਾਲ (2025 ਵਿਚ) ਹੋਣ ਵਾਲੀ ਰਿਟਾਇਰਮੈਂਟ ਰੁਕ ਗਈ ਅਤੇ ਇਹ ਹੁਣ 2027 ਵਿਚ ਹੋਵੇਗੀ। ਸਰਕਾਰ ਦੇ ਇਸ ਫ਼ੈਸਲੇ ਨਾਲ ਜੁੜਿਆ ਵਿਵਾਦ ਅਜੇ ਖ਼ਤਮ ਨਹੀਂ ਸੀ ਹੋਇਆ ਕਿ ਹੁਣ ਮੁਨੀਰ ਨੂੰ ਫ਼ੀਲਡ ਮਾਰਸ਼ਲ ਬਣਾ ਦਿਤਾ ਗਿਆ ਹੈ। ਕੌਮੀ ਕੈਬਨਿਟ ਵਲੋਂ ਪਾਸ ਕੀਤੇ ਗਏ ਮਤੇ ਮੁਤਾਬਿਕ ਜਨਰਲ ਮੁਨੀਰ ਨੂੰ ਇਹ ਤਰੱਕੀ ‘‘ਦੇਸ਼ ਦੀ ਹਿਫ਼ਾਜ਼ਤ ਯਕੀਨੀ ਬਣਾਉਣ ਅਤੇ ਦੁਸ਼ਮਣ ਨੂੰ ਬਿਹਤਰ ਰਣਨੀਤੀ ਅਤੇ ਦਲੇਰਾਨਾ ਰਹਿਨੁਮਾਈ ਸਦਕਾ ਹਰਾਉਣ’’ ਬਦਲੇ ਦਿਤੀ ਗਈ ਹੈ। ਇਹ ਵੱਖਰੀ ਗੱਲ ਹੈ ਕਿ ਸਰਕਾਰੀ ਐਲਾਨ ਖ਼ੈਰ-ਮਕਦਮ ਕਰਨ ਵਾਲੇ ਘੱਟ ਹਨ ਅਤੇ ਵਿਰੋਧ ਕਰਨ ਵਾਲੇ ਵੱਧ। ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਨੂਰ ਖ਼ਾਨ ਤੇ ਰਹੀਮ ਯਾਰ ਖ਼ਾਨ ਫ਼ੌਜੀ ਹਵਾਈ ਅੱਡਿਆਂ ਨਾਲ ਕੀ ਭਾਣਾ ਵਾਪਰਿਆ ਜਾਂ ਭਾਰਤੀ ਮਿਜ਼ਾਈਲਾਂ ਨੇ ਕਿੱਥੇ ਕਿੱਥੇ ਕਹਿਰ ਵਰਤਾਇਆ। ਇਮਰਾਨ ਦੀ ਪਾਰਟੀ ਦੇ ਨੇਤਾ, ਬੈਰਿਸਟਰ ਜੌਹਰ ਅਲੀ ਖ਼ਾਨ ਦੀ ਟਿੱਪਣੀ ਹੈ ਕਿ ‘‘ਚਾਰ ਦਿਨ ਬੰਕਰ ਵਿਚ ਛੁਪੇ ਰਹਿਣ ਵਾਲਾ ਹੁਣ ਖ਼ੁਦ ਨੂੰ ਸ਼ੇਰ ਦੱਸ ਰਿਹਾ ਹੈ।’’
57 ਵਰਿ੍ਹਆਂ ਦਾ ਸੱਯਦ ਆਸਿਮ ਮੁਨੀਰ ਅਹਿਮਦ ਸ਼ਾਹ ਆਫ਼ੀਸ਼ਰਜ਼ ਟ੍ਰੇਨਿੰਗ ਸਕੂਲ (ਓ.ਟੀ.ਐੱਸ), ਕੋਇਟਾ ਰਾਹੀਂ ਪਾਕਿਸਤਾਨੀ ਥਲ ਸੈਨਾ ਵਿਚ ਦਾਖ਼ਲ ਹੋਇਆ। ਪਾਕਿਸਤਾਨੀ ਫ਼ੌਜ ਦੇ ਬਹੁਤੇ ਜਰਨੈਲ-ਕਰਨੈਲ, ਅਮੂਮਨ, ਪਾਕਿਸਤਾਨ ਮਿਲਟਰੀ ਅਕੈਡਮੀ (ਪੀਐਮਏ), ਐਬਟਾਬਾਦ ਦੀ ਪੈਦਾਇਸ਼ ਹੁੰਦੇ ਹਨ। ਉਨ੍ਹਾਂ ਦੀ ਸਿਖਲਾਈ ਓ.ਟੀ.ਐੱਸ ਦੇ ਕੈਡੇਟਾਂ ਨਾਲੋਂ ਬਿਹਤਰ ਮੰਨੀ ਜਾਂਦੀ ਹੈ। ਇਹੋ ਕਾਰਨ ਹੈ ਕਿ ਮੁਨੀਰ ਨੂੰ ਕੋਰ ਕਮਾਂਡਰ, ਉਸ ਦੇ ਸਮਕਾਲੀਆਂ ਤੋਂ ਬਾਅਦ ਵਿਚ ਬਣਾਇਆ ਗਿਆ। ਥਲ ਸੈਨਾ ਦਾ ਮੁਖੀ ਬਣਨ ਲਈ ਕੋਰ ਕਮਾਂਡ ਦਾ ਤਜਰਬਾ ਲਾਜ਼ਮੀ ਮੰਨਿਆ ਜਾਂਦਾ ਹੈ। ਮੁਨੀਰ ਅਪਣੇ ਤੋਂ ਪਹਿਲੇ ਚੀਫ਼, ਜਨਰਲ ਕਮਰ ਆਸਿਫ਼ ਬਾਜਵਾ ਦਾ ਚਹੇਤਾ ਰਿਹਾ। ਬਾਜਵਾ ਦੇ ਕਾਰਜਕਾਲ ਦੌਰਾਨ ਹੀ ਉਸ ਨੂੰ ਤਰੱਕੀ ਦੇ ਅਵਸਰ ਲਗਾਤਾਰ ਮਿਲਦੇ ਰਹੇ।
ਥਲ ਸੈਨਾ ਮੁਖੀ ਵਜੋਂ ਨਿਯੁਕਤੀ ਵੀ ਲੈਫ਼ਟੀ. ਜਨਰਲ ਵਜੋਂ ਰਿਟਾਇਰਮੈਂਟ ਤੋਂ ਇਕ ਦਿਨ ਪਹਿਲਾਂ ਹੋਈ। ਇਸ ਦੀ ਬਦੌਲਤ ਸੇਵਾ-ਕਾਲ ਤਿੰਨ ਵਰਿ੍ਹਆਂ ਲਈ ਵੱਧ ਗਿਆ ਅਤੇ ਨਾਲ ਹੀ ਅਸਿੱਧੇ ਤੌਰ ’ਤੇ ਮੁਲਕ ਦੀ ਹੁਕਮਰਾਨੀ ਵੀ ਮਿਲ ਗਈ। ਪਾਕਿਸਤਾਨੀ ਹਲਕਿਆਂ ਵਿਚ ਅਫ਼ਵਾਹਾਂ ਹਨ ਕਿ ਕਈ ਸੀਨੀਅਰ ਤਿੰਨ ਸਿਤਾਰਾ ਜਰਨੈਲ ਮੁਨੀਰ ਨੂੰ ਫੀਲਡ ਮਾਰਸ਼ਲ ਬਣਾਏ ਜਾਣ ਤੋਂ ਨਾਖ਼ੁਸ਼ ਹਨ। ਨਾਖ਼ੁਸ਼ੀ ਸ਼ਹਿਬਾਜ਼ ਸ਼ਰੀਫ਼ ਦੇ ਵੱਡੇ ਭਰਾ ਮੀਆਂ ਨਵਾਜ਼ ਸ਼ਰੀਫ਼ ਨਾਲ ਵੀ ਜੋੜੀ ਜਾ ਰਹੀ ਹੈ। ਪਰ ਜਦੋਂ ਤਕ ਭਾਰਤ ਨਾਲ ਗੋਲੀਬੰਦੀ ਬਰਕਰਾਰ ਰਹਿੰਦੀ ਹੈ, ਫੀਲਡ ਮਾਰਸ਼ਲ ਮੁਨੀਰ ਦੀ ਚੜ੍ਹਤ ਬਰਕਰਾਰ ਰਹੇਗੀ। ਇਸੇ ਹਕੀਕਤ ਦੇ ਮੱਦੇਨਜ਼ਰ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਫ਼ੀਲਡ ਮਾਰਸ਼ਲ ਮੁਨੀਰ ਭਾਰਤ ਨਾਲ ਹੋਰ ਪੰਗਾ ਨਹੀਂ ਲਵੇਗਾ। ਦੋਵਾਂ ਮੁਲਕਾਂ ਦਾ ਭਲਾ ਵੀ ਇਸੇ ਵਿਚ ਹੈ।