ਅਮਰੀਕੀ ਸਰਹੱਦਾਂ 'ਤੇ ਹੁਣ ਨਹੀਂ ਵਿਛੜਨਗੇ ਪਰਵਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀ ਪਰਵਾਰਾਂ ਨੂੰ ਵੱਖ ਕਰਨ ਦੀ ਕਾਰਵਾਈ 'ਤੇ ਰੋਕ ਲਗਾਉਣ.....

Donald Trump

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ-ਮੈਕਸੀਕੋ ਸਰਹੱਦ 'ਤੇ ਪ੍ਰਵਾਸੀ ਪਰਵਾਰਾਂ ਨੂੰ ਵੱਖ ਕਰਨ ਦੀ ਕਾਰਵਾਈ 'ਤੇ ਰੋਕ ਲਗਾਉਣ ਵਾਲੇ ਇਕ ਫ਼ੈਸਲੇ ਉਤੇ ਵੀਰਵਾਰ ਨੂੰ ਹਸਤਾਖ਼ਰ ਕੀਤੇ। ਬੀਤੇ 6 ਹਫ਼ਤਿਆਂ 'ਚ ਲਗਭਗ 2500 ਬੱਚੇ ਅਪਣੇ ਮਾਪਿਆਂ ਤੋਂ ਵੱਖ ਕੀਤੇ ਗਏ ਹਨ। ਟਰੰਪ ਨੇ ਹਸਤਾਖਰ ਕਰਨ ਮਗਰੋਂ ਕਿਹਾ ਕਿ ਪਰਵਾਰਾਂ ਨੂੰ ਵਿਛੜਦਾ ਵੇਖ ਕੇ ਉਨ੍ਹਾਂ ਨੂੰ ਚੰਗਾ ਨਹੀਂ ਲੱਗ ਰਿਹਾ। ਪਤਨੀ ਮੇਲਾਨੀਆ ਅਤੇ ਬੇਟੀ ਇਵਾਂਕਾ ਵੀ ਉਨ੍ਹਾਂ ਦੇ ਵਿਰੁਧ ਸਨ। 

ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਟਰੰਪ ਅਪਣੇ ਦੇਸ਼ 'ਚ ਲਾਗੂ ਕਿਸੇ ਨੀਤੀ 'ਤੇ ਪਹਿਲੀ ਵਾਰ ਝੁਕੇ ਹਨ। ਸੀ.ਐਨ.ਐਨ. ਮੁਤਾਬਕ ਹੋ ਸਕਦਾ ਹੈ ਕਿ ਟਰੰਪ ਪਤਨੀ ਅਤੇ ਬੇਟੀ ਦੇ ਦਬਾਅ 'ਚ ਝੁੱਕ ਗਏ ਅਤੇ ਇਸੇ ਕਾਰਨ ਉਨ੍ਹਾਂ ਨੂੰ ਪ੍ਰਵਾਸੀ ਪਰਵਾਰਾਂ ਲਈ 'ਜ਼ੀਰੋ ਟਾਲਰੈਂਸ' ਦੀ ਨੀਤੀ ਬਦਲਣੀ ਲਈ। ਟਰੰਪ ਨੇ ਕਿਹਾ, ''ਅਸੀਂ ਪਰਵਾਰਾਂ ਨੂੰ ਇਕੱਠੇ ਰੱਖਣ ਜਾ ਰਹੇ ਹਨ, ਤਾਕਿ ਸਾਰੀਆਂ ਸਮੱਸਿਆਵਾਂ ਖ਼ਤਮ ਹੋ ਜਾਣ। ਸਾਡੇ ਕੋਲ ਮਜ਼ਬੂਤ ਸਰਹੱਦ ਹੈ। ਪ੍ਰਵਾਸੀਆਂ ਦੀ ਸਮੱਸਿਆ ਪੁਰਾਣੀ ਹੈ। ਪਿਛਲੀਆਂ ਸਰਕਾਰਾਂ ਨੇ ਇਸ 'ਤੇ ਕੋਈ ਕੰਮ ਨਹੀਂ ਕੀਤਾ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ।

ਅਸੀਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਨਹੀਂ ਕਰਨਾ ਚਾਹੁੰਦੇ, ਪਰ ਇਸ ਦੇ ਨਾਲ ਹੀ ਇਹ ਵੀ ਚਾਹੁੰਦੇ ਹਾਂ ਕਿ ਕੋਈ ਵੀ ਸਾਡੀ ਸਰਹੱਦ ਅੰਦਰ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਨਾ ਹੋਵੇ।'' ਜ਼ਿਕਰਯੋਗ ਹੈ ਕਿ ਗ਼ੈਰ-ਕਾਨੂੰਨੀ ਪ੍ਰਵਾਸ ਦੇ ਮੱਦੇਨਜ਼ਰ ਕੀਤੀਆਂ ਗਈਆਂ ਕਾਰਵਾਈਆਂ ਕਾਰਨ ਦੋ ਬੱਚਿਆਂ ਨੂੰ ਅਪਣੇ ਮਾਪਿਆਂ ਤੋਂ ਵੱਖ ਕੀਤਾ ਗਿਆ ਸੀ। ਅਮਰੀਕਾ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਤੋਂ ਬਾਹਰ ਹੋਣ ਦਾ ਵੀ ਐਲਾਨ ਕੀਤਾ ਹੈ।

ਇਸ ਬੱਚਿਆਂ ਨੂੰ ਇਕ ਥਾਂ ਰਖਿਆ ਗਿਆ ਹੈ ਜਿਥੋਂ ਬੱਚਿਆਂ ਦੇ ਰੋਣ ਅਤੇ ਅਪਣਿਆਂ ਨੂੰ ਯਾਦ ਕਰਨ ਦੀਆਂ ਤਸਵੀਰਾਂ ਇੰਟਰਨੈਟ 'ਤੇ ਵਾਇਰਲ ਹੋਈਆਂ ਸਨ। ਬੱਚਿਆਂ ਦੀ ਇਸ ਹਾਲਤ ਦਾ ਪੂਰੀ ਦੁਨੀਆਂ ਨੇ ਵਿਰੋਧ ਕੀਤਾ ਸੀ। (ਪੀਟੀਆਈ)