ਕੋਵਿਡ 19 ਸੰਕਟ ਦੌਰਾਨ ਭਾਰਤ ਨਿਭਾ ਰਿਹੈ ਦੁਨੀਆਂ ਦੇ ਦਵਾਈ ਕੇਂਦਰ ਦੀ ਭੂਮਿਕਾ : ਐਸਸੀਓ ਜਨਰਲ ਸਕੱਤਰ
ਕੋਵਿਡ 19 ਮਹਾਂਮਾਰੀ ਵਿਰੁਧ ਜੰਗ ਵਿਚ 133 ਦੇਸ਼ਾ ਨੂੰ ਦਵਾਈਆਂ ਦੀ ਸਪਲਾਈ ਕੀਤੀ
ਬੀਜਿੰਗ, 21 ਜੂਨ : ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੇ ਜਨਰਲ ਸਕੱਤਰ ਬਲਾਦਿਮੀਰ ਨੋਰੋਵ ਨੇ ਕਿਹਾ ਹੈ ਕਿ ਭਾਰਤ ਦਵਾਈ ਦੇ ਖੇਤਰ 'ਚ ਅਪਣੇ ਵਿਸ਼ਾਲ ਤਜਰਬੇ ਅਤੇ ਡੂੰਗੇ ਗਿਆਨ ਨਾਲ ਕੋਵਿਡ 19 ਮਹਾਂਮਾਰੀ ਦੌਰਾਨ 'ਦੁਨੀਆਂ ਦੇ ਦਵਾ ਕੇਂਦਰ' ਦੀ ਭੂਮਿਕਾ ਨਿਭਾ ਰਿਹਾ ਹੈ ਅਤੇ ਵੱਖ ਵੱਖ ਖੇਤਰੀ ਅਤੇ ਗਲੋਬਲ ਤਰਜੀਹਾਂ ਦੀ ਦਿਸ਼ਾ ਤੈਅ ਕਰ ਰਿਹਾ ਹੈ। ਨੋਰੋਵ ਨੇ ਕਿਹਾ ਕਿ ਭਾਰਤ ਸਰਕਾਰ ਨੇ ਰਾਸ਼ਟਰੀ ਪੱਧਰ 'ਤੇ ਕੋਰੋਨਾ ਵਾਇਰਸ ਦੀ ਰੋਕਥਾਮ ਅਤੇ ਇਲਾਜ ਲਈ ਤਤਕਾਲ ਕਦਮ ਚੁੱਕੇ ਅਤੇ ਉਸ ਦੇ ਬਾਅਦ ਵੀ ਉਸ ਨੇ ਕੋਵਿਡ 19 ਮਹਾਂਮਾਰੀ ਵਿਰੁਧ ਜੰਗ ਵਿਚ 133 ਦੇਸ਼ਾ ਨੂੰ ਦਵਾਈਆਂ ਦੀ ਸਪਲਾਈ ਕੀਤੀ ਹੈ ਜੋ ਭਾਰਤ ਦੀ ਮਹਾਨਤਾ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਵੱਡੀ ਸ਼ਕਤੀ ਦੇ ਵਿਵਹਾਰ ਦਾ ਮੂਲਵਾਨ ਅਤੇ ਜ਼ਿੰਮੇਦਾਰੀ ਭਰਿਆ ਉਦਾਹਰਣ ਹੈ ਅਤੇ ਇਸ ਨਾਲ ਐਸਸੀਓ ਦੇ ਮੈਂਬਰ ਦੇਸ਼ਾਂ ਵਿਚਾਲੇ ਇਕ ਦੂਜੇ ਲਈ ਪੂਰਕਤਾ ਅਤੇ ਸਹਿਯੋਗ ਨਜ਼ਰ ਆਉਂਦਾ ਹੈ।
ਭਾਰਤ ਨੇ ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਗ਼ੈਰ ਸਥਾਈ ਸੀਟ ਲਈ ਚੋਣ ਵਿਆਪਕ ਸਮਰਥਨ ਨਾਲ ਜਿੱਤੀ ਸੀ। ਸੁਰੱਖਿਆ ਪ੍ਰੀਸ਼ਦ 'ਚ ਭਾਰਤ ਦੇ ਅਸਥਾਈ ਮੈਂਬਰ ਚੁੱਣੇ ਜਾਣ 'ਤੇ ਨੋਰੋਵ ਨੇ ਕਿਹਾ,'' ਭਾਰਤ ਨੇ 2021-22 ਲਈ ਸੁਰੱਖਿਆ ਪ੍ਰੀਸ਼ਦ ਦੀ ਅਸਥਾਈ ਮੈਂਬਰਸ਼ਿੱਪ ਹਾਸਲ ਕੀਤੀ ਹੈ।'' ਇਸ ਸਾਲ ਜਨਵਰੀ 'ਚ ਭਾਰਤ ਦੀ ਯਾਤਰਾ ਚੁੱਕੇ ਨੋਰੋਵ ਨੇ ਕਿਹਾ, ''ਮੈਂਨੂੰ ਪੱਕਾ ਵਿਸ਼ਵਾਸ਼ ਹੈ ਕਿ ਭਾਰਤ ਦੇ ਯੋਗ ਵਿਗਿਆਨਿਕ ਅਤੇ ਮੈਡੀਕਲ ਮਾਹਰ ਕੋਰੋਨਾ ਵਾਇਰਸ ਦਾ ਅਧਿਐਨ ਕਰਨ, ਉਸ 'ਤੇ ਖੋਜ ਕਰਨ ਅਤੇ ਟੀਕੇ ਦੇ ਵਿਕਾਸ 'ਚ ਦੁਨੀਆਂ ਭਰ ਦੀਆਂ ਕੋਸ਼ਿਸ਼ਾਂ 'ਚ ਸਰਗਰਮ ਤੌਰ 'ਤੇ ਹਿੱਸਾ ਲੈਣਗੇ।'' ਉਨ੍ਹਾਂ ਕਿਹਾ, ''ਭਾਰਤ ਦੁਨੀਆਂ ਦੇ ਦਵਾਈ ਕੇਂਦਰ ਭੁਮਿਕਾ ਨਿਭਾਉਂਦਾ ਹੈ ਅਤੇ ਵਿਸ਼ਵ 'ਚ ਮਹਾਂਮਾਰੀ ਦੇ ਸਿਲਸਿਲੇ 'ਚ ਇਹ ਬੁਹਤ ਜ਼ਰੂਰੀ ਹੈ।''
ਉਨ੍ਹਾਂ ਨੇ ਕਿਹਾ, ''ਭਾਰਤ ਦੁਨੀਆਂ 'ਚ ਜੇਨੇਰਿਕ ਦਾਵਈਆਂ ਦਾ ਸੱਭ ਤੋਂ ਵੱਡਾ ਉਤਪਾਦਕ ਹੈ ਅਤੇ ਉਹ ਕੁੱਲ ਗਲੋਬਲ ਦਵਾ ਉਤਪਾਦਨ ਦਾ 20 ਫ਼ੀ ਸਦੀ ਦਵਾਈਆਂ ਤਿਆਰ ਕਰਦਾ ਹੈ ਅਤੇ ਗਲੋਬਲ ਟੀਕਿਆਂ ਦੀ 62 ਫ਼ੀ ਸਦੀ ਮੰਗ ਦੀ ਸਪਲਾਈ ਕਰਦਾ ਹੈ।'' ਐਸਸੀਓ ਦਾ ਮੁੱਖ ਦਫ਼ਤਰ ਬੀਜਿੰਗ ਵਿਚ ਹੈ ਅਤੇ ਇਹ ਅੱਠ ਦੇਸ਼ਾਂ ਦਾ ਆਰਥਕ ਅਤੇ ਸੁਰੱਖਿਆ ਸਗੰਠਨ ਹੈ। ਭਾਰਤ ਅਤੇ ਪਾਕਿਸਤਾਨ 2017 ਵਿਚ ਇਸ ਦੇ ਮੈਂਬਰ ਬਣੇ ਸਨ। ਚੀਨ, ਰੂਸ, ਕਜਾਖ਼ਸਤਾਨ, ਕਿਰਗਿਸਤਾਨ, ਤਾਜਿਕਿਸਤਾਨ ਅਤੇ ਉਜ਼ਬੇਕਿਸਤਾਨ ਇਸ ਦੇ ਸੰਸਥਾਪਕ ਮੈਂਬਰ ਹਨ।