ਦਮਿਸ਼ਕ ਦੇ ਗਿਰਜਾਘਰ ’ਚ ਆਤਮਘਾਤੀ ਹਮਲਾ, ਘੱਟ ਤੋਂ ਘੱਟ 15 ਲੋਕਾਂ ਦੀ ਮੌਤ
ਸੀਰੀਆ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਆਤਮਘਾਤੀ ਹਮਲਾਵਰ ਇਸਲਾਮਿਕ ਸਟੇਟ ਦਾ ਮੈਂਬਰ ਸੀ
ਦਮਿਸ਼ਕ : ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਦਵੇਲਾ ਇਲਾਕੇ ਦੀ ਮਾਰ ਏਲੀਅਸ ਚਰਚ ’ਚ ਐਤਵਾਰ ਨੂੰ ਇਕ ਆਤਮਘਾਤੀ ਹਮਲਾਵਰ ਨੇ ਖੁਦ ਨੂੰ ਉਡਾ ਲਿਆ, ਜਿਸ ’ਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਦਸੰਬਰ ’ਚ ਇਸਲਾਮਿਕ ਅਗਵਾਈ ਵਾਲੇ ਬਾਗ਼ੀ ਅਤਿਵਾਦ ਵਲੋਂ ਬਸ਼ਰ ਅਲ-ਅਸਦ ਨੂੰ ਹਟਾਏ ਜਾਣ ਤੋਂ ਬਾਅਦ ਦਮਿਸ਼ਕ ਦੇ ਅੰਦਰ ਇਹ ਪਹਿਲਾ ਆਤਮਘਾਤੀ ਹਮਲਾ ਹੈ।
ਸੀਰੀਆ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਆਤਮਘਾਤੀ ਹਮਲਾਵਰ ਇਸਲਾਮਿਕ ਸਟੇਟ ਦਾ ਮੈਂਬਰ ਸੀ। ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਚਰਚ ਵਿਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਅਤੇ ਫਿਰ ਅਪਣੀ ਵਿਸਫੋਟਕ ਵੈਸਟ ਵਿਚ ਧਮਾਕਾ ਕਰ ਦਿਤਾ।
ਇਕ ਸੁਰੱਖਿਆ ਸੂਤਰ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉਤੇ ਦਸਿਆ ਕਿ ਹਮਲੇ ’ਚ ਦੋ ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਵਿਚੋਂ ਇਕ ਨੇ ਖੁਦ ਨੂੰ ਉਡਾ ਲਿਆ ਸੀ। ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਮ੍ਰਿਤਕਾਂ ਦੀ ਗਿਣਤੀ 9 ਦੱਸੀ ਹੈ ਅਤੇ 13 ਜ਼ਖਮੀ ਹੋਏ ਹਨ।
ਸੀਰੀਆ ਦੇ ਸਿਵਲ ਡਿਫੈਂਸ ਵ੍ਹਾਈਟ ਹੈਲਮੇਟਸ ਨੇ ਘਟਨਾ ਵਾਲੀ ਥਾਂ ਤੋਂ ਲਾਈਵ ਸਟ੍ਰੀਮ ਕੀਤੀ, ਜਿਸ ਵਿਚ ਚਰਚ ਦੇ ਅੰਦਰੋਂ ਤਬਾਹੀ ਦੇ ਦ੍ਰਿਸ਼ ਵਿਖਾਈ ਦਿਤੇ, ਜਿਸ ਵਿਚ ਇਕ ਖੂਨ ਨਾਲ ਲਥਪਥ ਫਰਸ਼ ਦਿਸ ਰਿਹਾ ਸੀ। ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ-ਸ਼ਾਰਾ, ਜਿਨ੍ਹਾਂ ਨੇ ਜਨਵਰੀ ਵਿਚ ਸੱਤਾ ਸੰਭਾਲਣ ਤੋਂ ਪਹਿਲਾਂ ਅਸਦ ਵਿਰੁਧ ਹਮਲੇ ਦੀ ਅਗਵਾਈ ਕੀਤੀ ਸੀ, ਨੇ ਵਾਰ-ਵਾਰ ਕਿਹਾ ਹੈ ਕਿ ਉਹ ਅਪਣੇ ਕਾਰਜਕਾਲ ਦੌਰਾਨ ਘੱਟ ਗਿਣਤੀਆਂ ਦੀ ਰੱਖਿਆ ਕਰਨਗੇ।