ਚੀਨ ਦੇ ਕਾਰਨ ਦੁਨੀਆ ਭਰ ’ਚ ਫੈਲਿਆ ਕੋਰੋਨਾ ਵਾਇਰਸ : ਟਰੰਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਚਾਹੁੰਦਾ ਤਾਂ ਲਾਗ ਨੂੰ ਦੁਨੀਆ ਵਿਚ ਫੈਲਣ ਤੋਂ ਰੋਕ ਸਕਦਾ ਸੀ

Donald Trump

ਵਾਸ਼ਿੰਗਟਨ, 21 ਜੁਲਾਈ : ਕੋਵਿਡ-19 ਸਬੰਧੀ ਚੀਨ ’ਤੇ ਪਾਰਦਰਸ਼ਿਤਾ ਨਾ ਵਰਤਣ ਦਾ ਦੋਸ਼ ਲਗਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਚਾਹੁੰਦਾ ਤਾਂ ਲਾਗ ਨੂੰ ਦੁਨੀਆ ਵਿਚ ਫੈਲਣ ਤੋਂ ਰੋਕ ਸਕਦਾ ਸੀ ਪਰ ਉਸ ਨੇ ਅਜਿਹਾ ਨਹੀਂ ਕੀਤਾ। ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਵਿਚ ਚੀਨ ਦੇ ਰਵੱਈਏ ‘ਤੇ ਟਰੰਪ ਪਹਿਲਾਂ ਵੀ ਨਿਰਾਸ਼ਾ ਜ਼ਾਹਰ ਕਰ ਚੁੱਕੇ ਹਨ।

ਮਈ ਵਿਚ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇਹ ਚੀਨ ਦੀ ਅਸਮਰੱਥਾ ਹੈ ਜਿਸ ਕਾਰਨ ਦੁਨੀਆ ਵਿਚ ਇੰਨੇ ਸਾਰੇ ਲੋਕਾਂ ਦੀ ਜਾਨ ਜਾ ਰਹੀ ਹੈ। ਚੀਨ ਦੇ ਵੁਹਾਨ ਸ਼ਹਿਰ ਤੋਂ ਕੋਰੋਨਾਵਾਇਰਸ ਦੀ ਸ਼ੁਰੂਆਤ ਦੇ ਬਾਅਦ ਤੋਂ ਦੁਨੀਆ ਭਰ ਵਿਚ 6 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਵਿਚ ਇਨਫੈਕਸ਼ਨ ਨਾਲ 1,43,000 ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ਦੇ 40 ਲੱਖ ਲੋਕਾਂ ਸਮੇਤ ਦੁਨੀਆ ਵਿਚ 1.4 ਕਰੋੜ ਤੋਂ ਵਧੇਰੇ ਲੋਕ ਕੋਵਿਡ-19 ਨਾਲ ਪੀੜਤ ਹੋਏ ਹਨ।