ਹਾਦਸੇ ’ਚ ਜਾਨ ਗਵਾਉਣ ਵਾਲੀ ਤਿੰਨ ਸਾਲਾ ਸਿੱਖ ਬੱਚੀ ਦੇ ਪ੍ਰਵਾਰ ਨੇ 2700 ਤੋਂ ਵੱਧ ਪੌਂਡ ਇਕੱਠੇ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬੀਤੇ ਸ਼ੁਕਰਵਾਰ ਨੂੰ ਵਾਰਵਿਕਸ਼ਰ ਦੇ ਲੀਮਿੰਗਟਨ ਸਪਾ ਕਸਬੇ ਵਿਚ ਇਕ ਕਾਰ ਦੇ ਟੱਕਰ ਮਾਰਨ ਤੋਂ ਬਾਅਦ ਬ੍ਰਿਆ ਕੌਰ ਗਿੱਲ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ।

Briya Kaur Gill

ਲੰਡਨ, 21 ਜੁਲਾਈ : ਬ੍ਰਿਟੇਨ ਵਿਚ ਕਾਰ ਹਾਦਸੇ ਵਿਚ ਜਾਨ ਗਵਾਉਣ ਵਾਲੀ ਤਿੰਨ ਸਾਲਾ ਸਿੱਖ ਬੱਚੀ ਦੇ ਪ੍ਰਵਾਰ ਨੇ ਬਰਮਿੰਘਮ ਵਿਚ ਬੱਚਿਆਂ ਦੇ ਉਸ ਹਸਪਤਾਲ ਲਈ 2700 ਤੋਂ ਵੱਧ ਪੌਂਡ ਇਕੱਠੇ ਕੀਤੇ ਹਨ ਜਿਸ ਨੇ ਉਸ ਦੀ ਜਾਨ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ।  ਬੀਤੇ ਸ਼ੁਕਰਵਾਰ ਨੂੰ ਵਾਰਵਿਕਸ਼ਰ ਦੇ ਲੀਮਿੰਗਟਨ ਸਪਾ ਕਸਬੇ ਵਿਚ ਇਕ ਕਾਰ ਦੇ ਟੱਕਰ ਮਾਰਨ ਤੋਂ ਬਾਅਦ ਬ੍ਰਿਆ ਕੌਰ ਗਿੱਲ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ। ਐਮਰਜੈਂਸੀ ਸੇਵਾਵਾਂ ਨੇ ਉਸ ਨੂੰ ਬਰਮਿੰਘਮ ਸ਼ਹਿਰ ਦੇ ਬੱਚਿਆਂ ਦੇ ਹਸਪਤਾਲ ਪਹੁੰਚਾਇਆ ਜਿਥੇ ਸਨਿਚਰਵਾਰ ਨੂੰ ਉਸ ਦੀ ਮੌਤ ਹੋ ਗਈ।

ਵਾਰਵਿਕਸ਼ਰ ਪੁਲਿਸ ਨੇ ਇਸ ਮਾਮਲੇ ਵਿਚ 32 ਸਾਲਾ ਮਹਿਲਾ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਨੂੰ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ। ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।  ਗਿੱਲ ਦੇ ਪ੍ਰਵਾਰ ਨੇ ਪੁਲਿਸ ਜ਼ਰੀਏ ਜਾਰੀ ਇਕ ਬਿਆਨ ਵਿਚ ਕਿਹਾ,‘‘ਅਸੀ ਤੁਹਾਡੇ ਵਲੋਂ ਮਿਲੇ ਪਿਆਰ ਦਾ ਧਨਵਾਦ ਕਰਦੇ ਹਾਂ ਅਤੇ ਸਾਨੂੰ ਸੋਗ ਵਿਚ ਰਹਿਣ ਦਾ ਸਮਾਂ ਦਿਉ। ਸਾਡੀ ਦੁਨੀਆਂ ਬੇਰੰਗ ਹੋ ਗਈ ਹੈ। ਸਾਡਾ ਜੀਵਨ ਹੁਣ ਪਹਿਲਾਂ ਵਰਗਾ ਨਹੀਂ ਰਹੇਗਾ।’’

ਉਨ੍ਹਾਂ ਨੇ ਬੱਚੀ ਦੀ ਯਾਦ ਵਿਚ ‘ਜਸਟ ਗਿਵਿੰਗ’ ਨਾਮ ਨਾਲ ਫ਼ੰਡ ਜੁਟਾਉਣ ਦੀ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿਚ ਕਿਹਾ ਗਿਆ ਹੈ,‘‘ਬਰਮਿੰਘਮ ਸਿਟੀ ਚਿਲਡਰਨ ਹਸਪਤਾਲ ਦੇ ਕਾਮਿਆਂ ਦਾ ਧਨਵਾਦ।’ ਉਨ੍ਹਾਂ ਨੇ ਜਿਹੜੀ ਦੇਖਭਾਲ ਕੀਤੀ ਅਤੇ ਸ਼ਾਨਦਾਰ ਸਹਿਯੋਗ ਦਿਤਾ, ਉਸ ਦਾ ਕਰਜ਼ ਨਹੀਂ ਚੁਕਾਇਆ ਜਾ ਸਕਦਾ। ਅਸੀਂ ਉਨ੍ਹਾਂ ਦਾ ਅਹਿਸਾਨ ਨਹੀਂ ਉਤਾਰ ਸਕਦੇ।                   (ਪੀ.ਟੀ.ਆਈ)