ਸਾਬਕਾ PM ਇਮਰਾਨ ਖ਼ਾਨ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ
ਅੱਤਵਾਦ ਵਿਰੋਧੀ ਕਾਨੂੰਨ ਤਹਿਤ ਦਰਜ ਹੋਇਆ ਮਾਮਲਾ
ਜੱਜ ਅਤੇ ਪੁਲਿਸ ਅਧਿਕਾਰੀਆਂ ਨੂੰ ਸ਼ਰ੍ਹੇਆਮ ਧਮਕੀ ਦੇਣ 'ਤੇ ਹੋਈ ਕਾਰਵਾਈ
ਇਮਰਾਨ ਖ਼ਾਨ ਦੀ Live ਸਪੀਚ 'ਤੇ ਵੀ ਲਗਾਈ ਪਬੰਦੀ
ਇਸਲਾਮਾਬਾਦ: ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਅੱਤਵਾਦ ਵਿਰੋਧੀ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਦੇ ਚਲਦੇ ਹੀ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਸਥਾਨਕ ਨਿਊਜ਼ ਰਿਪੋਰਟਾਂ ਵਿਚ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਇਸ ਦੌਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਆਗੂਆਂ ਨੇ ਪਾਰਟੀ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸੰਭਾਵਿਤ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨਾਂ ਦੀ ਚਿਤਾਵਨੀ ਦਿੱਤੀ ਹੈ। ਪਾਕਿਸਤਾਨ ਦੇ ਅਖਬਾਰ ਡਾਨ ਦੀ ਰਿਪੋਰਟ ਮੁਤਾਬਕ ਪੀਟੀਆਈ ਕਾਰਕੁਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਨੇਤਾ ਇੱਕ 'ਲਾਲ ਲਕੀਰ' ਹੋਣਗੇ। ਇਸ ਦੌਰਾਨ ਇੱਕ ਤੇਜ਼ੀ ਨਾਲ ਟ੍ਰੈਂਡਿੰਗ ਟਵਿੱਟਰ ਪੋਸਟ ਨੇ ਵੀ ਲੋਕਾਂ ਦਾ ਧਿਆਨ ਖਿੱਚਿਆ ਜਿਸ ਵਿੱਚ ਕਿਹਾ ਗਿਆ, "ਇਮਰਾਨ ਖਾਨ ਸਾਡੀ ਲਾਲ ਲਾਈਨ ਹੈ।"
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੀਟੀਆਈ ਨੇਤਾਵਾਂ ਨੇ ਲੋਕਾਂ ਨੂੰ ਆਪੋ-ਆਪਣੇ ਸ਼ਹਿਰਾਂ ਵਿਚ ਵੱਖ-ਵੱਖ ਥਾਵਾਂ 'ਤੇ ਇਕੱਠੇ ਹੋਣ ਲਈ ਕਿਹਾ। ਪਾਰਟੀ ਨੇਤਾ ਹਮਾਦ ਅਜ਼ਹਰ ਨੇ ਲਾਹੌਰ ਦੇ ਲਿਬਰਟੀ ਚੌਕ ਅਤੇ ਫਾਰੂਕ ਹਬੀਬ ਨੇ ਫੈਸਲਾਬਾਦ ਦੇ ਸਮੰਦਰੀ ਰੋਡ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਅਲੀ ਅਮੀਨ ਗੰਡਾਪੁਰ ਨੇ ਇਸਲਾਮਾਬਾਦ 'ਤੇ ਕਬਜ਼ਾ ਕਰਨ ਦੀ ਧਮਕੀ ਦਿੰਦੇ ਹੋਏ ਪੁਲਿਸ ਨੂੰ ਸਿਆਸੀ ਜੰਗ ਦਾ ਹਿੱਸਾ ਨਾ ਬਣਨ ਦੀ ਚਿਤਾਵਨੀ ਦਿੱਤੀ ਹੈ। ਜੇਕਰ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕੀਤਾ ਜਾਂਦਾ ਹੈ ਤਾਂ ਅਸੀਂ ਇਸਲਾਮਾਬਾਦ 'ਤੇ ਕਬਜ਼ਾ ਕਰ ਲਵਾਂਗੇ। ਪੁਲਿਸ ਨੂੰ ਮੇਰਾ ਸੁਨੇਹਾ ਹੈ ਕਿ ਉਹ ਹੁਣ ਇਸ ਸਿਆਸੀ ਜੰਗ ਦਾ ਹਿੱਸਾ ਨਾ ਬਣਨ।”
ਜ਼ਿਕਰਯੋਗ ਯੋਗ ਹੈ ਕਿ ਖਾਨ ਖਿਲਾਫ ਇਸਲਾਮਾਬਾਦ ਦੀ ਆਪਣੀ ਰੈਲੀ 'ਚ ਨਿਆਂਪਾਲਿਕਾ, ਪੁਲਿਸ ਅਤੇ ਹੋਰ ਰਾਜ ਸੰਸਥਾਵਾਂ ਨੂੰ ਧਮਕੀ ਦੇਣ ਦੇ ਦੋਸ਼ 'ਚ ਐਤਵਾਰ ਨੂੰ ਅੱਤਵਾਦ ਖ਼ਿਲਾਫ਼ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਲਾਈਵ ਸਪੀਚ 'ਤੇ ਵੀ ਪਾਬੰਦੀ ਲਗਾ ਦਿਤੀ ਗਈ ਹੈ।