ਮਸ਼ਹੂਰ ਪਾਕਿਸਤਾਨੀ ਗਾਇਕਾ ਨਯਾਰਾ ਨੂਰ ਦਾ ਦਿਹਾਂਤ
‘ਬੁਲਬੁਲ-ਇ-ਪਾਕਿਸਤਾਨ’ ਸਮੇਤ ਮਿਲ ਚੁੱਕੇ ਸਨ ਕਈ ਵੱਡੇ ਸਨਮਾਨ
ਇਸਲਾਮਾਬਾਦ : ਮਸ਼ਹੂਰ ਪਾਕਿਸਤਾਨੀ ਗਾਇਕਾ ਨਯਾਰਾ ਨੂਰ ਦਾ ਦਿਹਾਂਤ ਹੋ ਗਿਆ ਹੈ। ਉਹ 71 ਸਾਲਾਂ ਦੇ ਸਨ। ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੇ ਐਤਵਾਰ ਨੂੰ ਗਾਇਕਾ ਦੇ ਦਿਹਾਂਤ ਬਾਰੇ ਜਾਣਕਾਰੀ ਦਿਤੀ। ਕੱੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ।
ਉਹ ਕਿਸੇ ਬੀਮਾਰੀ ਦਾ ਸ਼ਿਕਾਰ ਸਨ, ਜਿਸ ਦਾ ਤੁਰਤ ਪਤਾ ਨਹੀਂ ਲੱਗ ਸਕਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਉਨ੍ਹਾਂ ਦੇ ਦਿਹਾਂਤ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਨੂਰ ਦਾ ਜਨਮ 3 ਨਵੰਬਰ, 1950 ਨੂੰ ਅਸਮ ’ਚ ਹੋਇਆ ਸੀ। ਉਹ ਜਦੋਂ 7 ਸਾਲਾਂ ਦੇ ਸਨ ਤਾਂ ਉਨ੍ਹਾਂ ਦਾ ਪਰਵਾਰ ਪਾਕਿਸਤਾਨ ਚਲਾ ਗਿਆ ਸੀ।
ਉਨ੍ਹਾਂ ਕਾਫੀ ਛੋਟੀ ਉਮਰ ’ਚ ਸੰਗੀਤ ਸਿੱਖਣਾ ਸ਼ੁਰੂ ਕਰ ਦਿਤਾ ਸੀ ਤੇ ਉਨ੍ਹਾਂ ਨੂੰ ਪਹਿਲਾ ਮੌਕਾ 1968 ’ਚ ਰੇਡੀਉ ਪਾਕਿਸਤਾਨ ’ਤੇ ਮਿਲਿਆ। ਗਾਇਕਾ ਨੂੰ ਸਾਲ 2006 ’ਚ ਪ੍ਰਾਈਡ ਆਫ਼ ਪਰਫ਼ਾਰਮੈਂਸ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ 2012 ’ਚ ਗਾਉਣਾ ਬੰਦ ਕਰ ਦਿਤਾ ਸੀ।
ਉਨ੍ਹਾਂ ਨੂੰ ਗਾਇਕੀ ਲਈ ਪਾਕਿਸਤਾਨ ’ਚ ਰਾਸ਼ਟਰੀ ਪੱਧਰ ਦੇ ਸੰਮੇਲਨ ’ਚ 3 ਵਾਰ ਗੋਲਡ ਮੈਡਲ ਹਾਸਲ ਹੋ ਚੁਕਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ‘ਘਰਾਣਾ’ (1973) ਲਈ ਪਾਕਿਸਤਾਨ ਦੇ ਨਿਗਾਰ ਪੁਰਸਕਾਰ ਨਾਲ ਵੀ ਸਨਮਾਨਤ ਕੀਤਾ ਜਾ ਚੁਕਾ ਹੈ।