ਭਾਰਤ ਨਾਲ ਹਰ ਮੁੱਦੇ ਉਤੇ ਗੱਲਬਾਤ ਲਈ ਤਿਆਰ ਹੈ ਪਾਕਿਸਤਾਨ : ਪਾਕਿ ਵਿਦੇਸ਼ ਮੰਤਰੀ ਡਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ, ਗੱਲਬਾਤ ਸਿਰਫ਼ ਕਸ਼ਮੀਰ ਉਤੇ ਨਹੀਂ ਅਤੇ ਹੋਰ ਸਾਰੇ ਲੰਬਿਤ ਮੁੱਦਿਆਂ ਉਤੇ ਵੀ ਹੋਵੇਗੀ

Pakistan ready for talks with India on all issues: Pakistan Foreign Minister Dar

ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਾਕਿਸਤਾਨ ਕਸ਼ਮੀਰ ਅਤੇ ਹੋਰ ਸਾਰੇ ਲੰਬਿਤ ਮੁੱਦਿਆਂ ਉਤੇ ਚਰਚਾ ਲਈ ਭਾਰਤ ਨਾਲ ਵਿਆਪਕ ਗੱਲਬਾਤ ਲਈ ਤਿਆਰ ਹੈ। ਡਾਰ ਨੇ ਇਸਲਾਮਾਬਾਦ ’ਚ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਵੀ ਗੱਲਬਾਤ ਹੋਵੇਗੀ, ਉਹ ਸਿਰਫ ਕਸ਼ਮੀਰ ਉਤੇ ਨਹੀਂ ਹੋਵੇਗੀ, ਸਗੋਂ ਸਾਰੇ ਮੁੱਦਿਆਂ ਉਤੇ ਹੋਵੇਗੀ।

ਭਾਰਤ ਨੇ ਸਪੱਸ਼ਟ ਕਰ ਦਿਤਾ ਹੈ ਕਿ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਵਾਪਸੀ ਅਤੇ ਅਤਿਵਾਦ ਦੇ ਮੁੱਦੇ ਉਤੇ ਹੀ ਪਾਕਿਸਤਾਨ ਨਾਲ ਗੱਲਬਾਤ ਕਰੇਗਾ। ਡਾਰ, ਜੋ ਉਪ ਪ੍ਰਧਾਨ ਮੰਤਰੀ ਵੀ ਹਨ, ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਸਪੱਸ਼ਟ ਕਰ ਦਿਤਾ ਸੀ ਕਿ ਭਾਰਤ ਨਾਲ ਗੱਲਬਾਤ ਕਿਸੇ ਇਕ ਨੁਕਾਤੀ ਏਜੰਡੇ ਉਤੇ ਨਹੀਂ ਹੋਵੇਗੀ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਿਸੇ ਵਿਚੋਲਗੀ ਦੀ ਬੇਨਤੀ ਨਹੀਂ ਕੀਤੀ ਸੀ ਪਰ ਉਸ ਨੂੰ ਨਿਰਪੱਖ ਸਥਾਨ ਉਤੇ ਬੈਠਕ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ, ‘‘ਸਾਨੂੰ ਕਿਸੇ ਨਿਰਪੱਖ ਸਥਾਨ ਉਤੇ ਬੈਠਣ ਲਈ ਕਿਹਾ ਗਿਆ ਸੀ ਅਤੇ ਮੈਂ ਕਿਹਾ ਸੀ ਕਿ ਜੇਕਰ ਅਜਿਹਾ ਹੈ ਤਾਂ ਅਸੀਂ ਮਿਲਣ ਲਈ ਤਿਆਰ ਹਾਂ।’’

‘ਅਮਰੀਕਾ ਤੋਂ ਭਾਰਤ ਨਾਲ ਜੰਗਬੰਦੀ ਲਈ ਫੋਨ ਆਇਆ ਸੀ’
ਡਾਰ ਨੇ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਤੋਂ ਭਾਰਤ ਨਾਲ ਜੰਗਬੰਦੀ ਲਈ ਫੋਨ ਆਇਆ ਸੀ। ਡਾਰ ਨੇ ਕਿਹਾ, ‘‘ਮੈਨੂੰ ਅਮਰੀਕਾ ਤੋਂ ਜੰਗਬੰਦੀ ਲਈ ਫੋਨ ਆਇਆ ਸੀ। ਮੈਂ ਸਪੱਸ਼ਟ ਕਰ ਦਿਤਾ ਸੀ ਕਿ ਪਾਕਿਸਤਾਨ ਜੰਗ ਨਹੀਂ ਚਾਹੁੰਦਾ।’’ ਡਾਰ ਨੇ ਕਿਹਾ ਕਿ ਭਾਰਤ ਨਾਲ ਜੰਗਬੰਦੀ ਸਮਝੌਤਾ ਚੱਲ ਰਿਹਾ ਹੈ।

ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਦੇ ਜਵਾਬ ’ਚ 7 ਮਈ ਨੂੰ ਅਤਿਵਾਦੀ ਢਾਂਚੇ ਉਤੇ ‘ਆਪਰੇਸ਼ਨ ਸਿੰਦੂਰ’ ਤਹਿਤ ਸਟੀਕ ਹਮਲੇ ਕੀਤੇ ਸਨ। ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਭਾਰਤੀ ਫੌਜੀ ਟਿਕਾਣਿਆਂ ਉਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਰਤੀ ਫੌਜ ਨੇ ਕਈ ਪਾਕਿਸਤਾਨੀ ਫੌਜੀ ਟਿਕਾਣਿਆਂ ਉਤੇ ਜ਼ਬਰਦਸਤ ਜਵਾਬੀ ਹਮਲਾ ਕੀਤਾ। ਭਾਰਤ ਅਤੇ ਪਾਕਿਸਤਾਨ ਨੇ ਚਾਰ ਦਿਨਾਂ ਦੇ ਸਰਹੱਦ ਪਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਸੰਘਰਸ਼ ਨੂੰ ਖਤਮ ਕਰਨ ਲਈ ਸਹਿਮਤੀ ਬਣਾਈ ਸੀ। ਇਕ ਸਵਾਲ ਦੇ ਜਵਾਬ ਵਿਚ ਡਾਰ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਦਾ ਪਾਕਿਸਤਾਨ ਦੌਰਾ ਅਜੇ ਤੈਅ ਨਹੀਂ ਹੋਇਆ ਹੈ।