ਹਿਊਸਟਨ ਅਦਾਲਤ ਵਲੋਂ ਕਸ਼ਮੀਰ ਮੁੱਦੇ 'ਤੇ ਮੋਦੀ ਦੇ ਸੰਮਨ ਜਾਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਹੁਣ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ਪੁੱਜ ਰਹੇ ਹਨ।

Narender Modi

ਹਿਊਸਟਨ : ਹੁਣ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਸ਼ਹਿਰ ਹਿਊਸਟਨ ਪੁੱਜ ਰਹੇ ਹਨ। ਐਤਵਾਰ ਨੂੰ ਉਨ੍ਹਾਂ ਦੀ ਬਹੁ–ਚਰਚਿਤ 'ਹਾਓਡੀ ਮੋਦੀ' ਰੈਲੀ ਹੈ।  ਜਿੱਥੇ ਕਿ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਵੀ ਖ਼ਾਸ ਤੌਰ ਉਤੇ ਪੁੱਜ ਰਹੇ ਹਨ। ਕੁੱਝ ਕਸ਼ਮੀਰੀ ਕਾਰਕੁੰਨਾਂ ਅਤੇ ਖ਼ਾਲਿਸਤਾਨ ਪੱਖੀ ਸਮਰਥਕਾਂ ਨੇ ਸ੍ਰੀ ਮੋਦੀ ਵਿਰੁਧ ਹਿਊਸਟਨ ਦੀ ਇਕ ਅਦਾਲਤ ਵਿਚ ਕੇਸ ਦਾਇਰ ਕਰ ਦਿਤਾ ਹੈ।

'ਹਿਊਸਟਨ ਕ੍ਰੌਨੀਕਲ' ਦੀ ਰਿਪੋਰਟ ਅਨੁਸਾਰ ਅਦਾਲਤ ਨੇ ਅਜਿਹੇ ਮਾਮਲਿਆਂ ਉੱਤੇ ਗ਼ੌਰ ਕਰਦਿਆਂ ਸ੍ਰੀ ਮੋਦੀ ਵਿਰੁਧ ਸੰਮਨ ਵੀ ਜਾਰੀ ਕਰ ਦਿਤੇ ਹਨ। ਇਸ ਕਾਨੂੰਨੀ ਕਾਰਵਾਈ ਪਿੱਛੇ 'ਸਿੱਖਸ ਫ਼ਾਰ ਜਸਟਿਸ' ਨਾਂਅ ਦੀ ਜੱਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪਨੂੰ ਦਾ ਨਾਂ ਦਸਿਆ ਜਾ ਰਿਹਾ ਹੈ। ਹਿਊਸਟਨ ਦੀ ਅਦਾਲਤ ਵਿਚ ਸ੍ਰੀ ਮੋਦੀ ਵਿਰੁਧ 73 ਪੰਨਿਆਂ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ।

ਇਹ ਕਾਨੂੰਨੀ ਕਾਰਵਾਈ ਬੀਤੀ 5 ਅਗੱਸਤ ਨੂੰ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕਰਨ ਵਿਰੁਧ ਕੀਤੀ ਗਈ ਹੈ। ਕਸ਼ਮੀਰੀ ਕਾਰਕੁੰਨਾਂ ਤੇ ਗੁਰਪਤਵੰਤ ਸਿੰਘ ਪਨੂੰ ਦਾ ਕਹਿਣਾ ਹੈ ਕਿ ਕਸ਼ਮੀਰ ਵਾਦੀ ਵਿਚ ਆਮ ਜਨਤਾ ਨਾਲ ਕਥਿਤ ਤੌਰ ਉਤੇ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਪਿਛਲੇ ਡੇਢ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਕਸ਼ਮੀਰੀ ਜਨਤਾ ਨੂੰ ਕਰਫ਼ਿਊ ਹੇਠ ਰੱਖਿਆ ਜਾ ਰਿਹਾ ਹੈ ਤੇ ਉੱਥੇ ਕੋਈ ਵੀ ਕੰਮਕਾਜ ਨਹੀਂ ਹੋ ਰਿਹਾ।

ਗੁਰਪਤਵੰਤ ਸਿੰਘ ਪਨੂੰ ਨੇ ਹੁਣ 'ਕਸ਼ਮੀਰ ਖ਼ਾਲਿਸਤਾਨ ਰੈਫ਼ਰੈਂਡਮ ਫ਼ਰੰਟ' ਨਾਂਅ ਦੀ ਇਕ ਜੱਥੇਬੰਦੀ ਕਾਇਮ ਕੀਤੀ ਹੈ ਤੇ ਉਸੇ ਵਲੋਂ ਮੋਦੀ ਵਿਰੁਧ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਪਟੀਸ਼ਨ ਵਿਚ ਮੋਦੀ ਤੋਂ ਇਲਾਵਾ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਚਿਨਾਰ ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਕੰਵਲਜੀਤ ਸਿੰਘ ਢਿਲੋਂ ਨੂੰ ਵੀ ਧਿਰ ਬਣਾਇਆ ਗਿਆ ਹੈ।