Afghan teen news : ਅਫਗਾਨ ਮੁੰਡੇ ਨੇ ਕੀਤਾ ‘ਚਮਤਕਾਰ', ਜਹਾਜ਼ ਦੇ ਲੈਂਡਿੰਗ ਗੀਅਰ 'ਚ ਲੁਕ ਕੇ ਦਿੱਲੀ ਪਹੁੰਚਿਆ
ਮੁੰਡੇ ਨੂੰ ਐਤਵਾਰ ਨੂੰ ਹੀ ਉਸੇ ਉਡਾਣ ਰਾਹੀਂ ਅਫਗਾਨਿਸਤਾਨ ਵਾਪਸ ਭੇਜਿਆ ਗਿਆ
Afghan teen news : ਨਵੀਂ ਦਿੱਲੀ : ਉਤਸੁਕਤਾ ਕਾਰਨ ਅਫ਼ਗਾਨਿਸਤਾਨ ਦੇ ਇਕ 13 ਸਾਲ ਦੇ ਮੁੰਡੇ ਨੇ ਅਪਣੀ ਜਾਨ ਤਕ ਜੋਖਮ ’ਚ ਪਾ ਦਿਤੀ। ਐਤਵਾਰ ਨੂੰ ਉਹ ਕਾਬੁਲ ਤੋਂ ਉਡਾਣ ਭਰਨ ਵਾਲੇ ਇਕ ਜਹਾਜ਼ ਦੇ ਲੈਂਡਿੰਗ ਗੇਅਰ ਕੰਪਾਰਟਮੈਂਟ ’ਚ ਹੀ ਬੈਠ ਕੇ ਹੀ ਭਾਰਤ ਪਹੁੰਚ ਗਿਆ।
ਇਹ ਘਟਨਾ ਐਤਵਾਰ ਸਵੇਰੇ 11 ਵਜੇ ਦੇ ਕਰੀਬ ਵਾਪਰੀ ਜਦੋਂ ਕੇ.ਏ.ਐਮ. ਏਅਰਲਾਈਨਜ਼ ਦੀ ਉਡਾਣ ਨੰਬਰ ਆਰ.ਕਿਊ.-4401 2 ਘੰਟੇ ਦੇ ਸਫ਼ਰ ਤੋਂ ਬਾਅਦ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉਤੇ ਪਹੁੰਚੀ। ਸੂਤਰਾਂ ਨੇ ਦਸਿਆ ਕਿ ਮੁੰਡੇ ਨੂੰ ਐਤਵਾਰ ਨੂੰ ਹੀ ਉਸੇ ਉਡਾਣ ਰਾਹੀਂ ਅਫਗਾਨਿਸਤਾਨ ਵਾਪਸ ਭੇਜਿਆ ਗਿਆ ਸੀ।
ਅਧਿਕਾਰੀਆਂ ਨੇ ਦਸਿਆ ਕਿ ਏਅਰਲਾਈਨ ਦੇ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਸੁਰੱਖਿਆ ਕੰਟਰੋਲ ਰੂਮ ਨੂੰ ਇਕ 13 ਸਾਲ ਦੇ ਮੁੰਡੇ ਬਾਰੇ ਜਾਣਕਾਰੀ ਦਿਤੀ, ਜਿਸ ਨੂੰ ਉਡਾਣ ਦੇ ਹੇਠਾਂ ਉਤਰਨ ਤੋਂ ਬਾਅਦ ਨੇੜੇ ਘੁੰਮਦਾ ਪਾਇਆ ਗਿਆ।
ਕੁੰਦੁਜ਼ ਸ਼ਹਿਰ ਦੇ ਰਹਿਣ ਵਾਲੇ ਲੜਕੇ ਨੂੰ ਏਅਰਲਾਈਨ ਕਰਮਚਾਰੀਆਂ ਨੇ ਫੜ ਲਿਆ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਜਵਾਨਾਂ ਦੇ ਹਵਾਲੇ ਕਰ ਦਿਤਾ, ਜੋ ਉਸ ਨੂੰ ਪੁੱਛ-ਪੜਤਾਲ ਲਈ ਹਵਾਈ ਅੱਡੇ ਦੇ ਟਰਮੀਨਲ 3 ਉਤੇ ਲੈ ਆਏ।
ਉਸ ਨੇ ਅਧਿਕਾਰੀਆਂ ਨੂੰ ਦਸਿਆ ਕਿ ਉਹ ਕਾਬੁਲ ਹਵਾਈ ਅੱਡੇ ਉਤੇ ਲੁਕ ਕੇ ਕਿਸੇ ਤਰ੍ਹਾਂ ਉਕਤ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਕੰਪਾਰਟਮੈਂਟ ਵਿਚ ਦਾਖਲ ਹੋਣ ਵਿਚ ਕਾਮਯਾਬ ਹੋ ਗਿਆ। ਸੂਤਰਾਂ ਨੇ ਦਸਿਆ ਕਿ ਉਸ ਨੇ ਉਤਸੁਕਤਾ ’ਚ ਅਜਿਹਾ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਪੁੱਛ-ਪੜਤਾਲ ਤੋਂ ਬਾਅਦ ਅਫਗਾਨ ਲੜਕੇ ਨੂੰ ਉਸੇ ਉਡਾਣ ਰਾਹੀਂ ਵਾਪਸ ਭੇਜ ਦਿਤਾ ਗਿਆ, ਜੋ ਦੁਪਹਿਰ ਕਰੀਬ 12:30 ਵਜੇ ਰਵਾਨਾ ਹੋਈ ਸੀ।
ਕੇ.ਏ.ਐਮ. ਏਅਰਲਾਈਨ ਦੇ ਸੁਰੱਖਿਆ ਅਧਿਕਾਰੀਆਂ ਨੇ ਲੈਂਡਿੰਗ ਗੀਅਰ ਡੱਬੇ ਦੀ ਸੁਰੱਖਿਆ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਇਕ ਛੋਟਾ ਜਿਹਾ ਲਾਲ ਰੰਗ ਦਾ ਸਪੀਕਰ ਮਿਲਿਆ, ਜੋ ਸਪੱਸ਼ਟ ਤੌਰ ਉਤੇ ਇਸ ਲੜਕੇ ਵਲੋਂ ਲਿਆਂਦਾ ਗਿਆ ਸੀ। ਅਧਿਕਾਰੀਆਂ ਨੇ ਦਸਿਆ ਕਿ ਜਹਾਜ਼ ਦੀ ਪੂਰੀ ਜਾਂਚ ਅਤੇ ਭੰਨਤੋੜ ਵਿਰੋਧੀ ਜਾਂਚ ਤੋਂ ਬਾਅਦ ਜਹਾਜ਼ ਨੂੰ ਸੁਰੱਖਿਅਤ ਐਲਾਨ ਕਰ ਦਿਤਾ ਗਿਆ।
ਕਿਵੇਂ ਬਚਿਆ ਮੁੰਡਾ?
ਜਹਾਜ਼ ਦੇ ਲੈਂਡਿੰਗ ਗੀਅਰ ’ਚ ਬੈਠਣਾ ਬਹੁਤ ਖਤਰਨਾਕ ਹੈ। 30,000 ਫੁੱਟ ਦੀ ਉਚਾਈ ਉਤੇ ਹਾਲਾਤ ਜੀਵਨ ਲਈ ਬਹੁਤ ਖ਼ਰਾਬ ਹੁੰਦੇ ਹਨ, ਜਿਵੇਂ ਕਿ ਆਕਸੀਜਨ ਦੀ ਕਮੀ, ਤਾਪਮਾਨ ਬਹੁਤ ਘੱਟ, ਅਤੇ ਲੈਂਡਿੰਗ ਗੀਅਰ ਹੇਠ ਕੁਚਲੇ ਜਾਣ ਦਾ ਜੋਖਮ ਬਚਾਅ ਨੂੰ ਲਗਭਗ ਅਸੰਭਵ ਬਣਾ ਦਿੰਦੇ ਹਨ। ਹਵਾਬਾਜ਼ੀ ਮਾਹਰ ਕਪਤਾਨ ਮੋਹਨ ਰੰਗਨਾਥਨ ਨੇ ਦਸਿਆ ਕਿ ਲੜਕੇ ਨੂੰ ਸੰਭਾਵਤ ਤੌਰ ਉਤੇ ਵ੍ਹੀਲ ਬੇਅ ਵਿਚ ਇਕ ਬੰਦ ਅਤੇ ਦਬਾਅ ਵਾਲੀ ਜਗ੍ਹਾ ਮਿਲੀ ਹੋਵੇਗੀ।
ਮੈਡੀਕਲ ਮਾਹਰ ਡਾ. ਰਿਤਿਨ ਮਹਿੰਦਰਾ ਨੇ ਕਿਹਾ ਕਿ ਮੁੰਡੇ ਦਾ ਬਚਣਾ ਇਕ ਚਮਤਕਾਰ ਵਰਗਾ ਹੈ। ਅਜਿਹੀ ਕੋਸ਼ਿਸ਼ ਕਰਨ ਵਾਲੇ 5 ਲੋਕਾਂ ’ਚੋਂ ਸਿਰਫ 1 ਬਚਦਾ ਹੈ। ਭਾਰਤੀ ਹਵਾਈ ਅੱਡੇ ਉਤੇ ਇਸ ਤਰ੍ਹਾਂ ਦਾ ਇਹ ਦੂਜਾ ਜਾਣਿਆ ਜਾਂਦਾ ਮਾਮਲਾ ਹੈ। ਪਹਿਲੀ ਘਟਨਾ 1996 ਵਿਚ ਵਾਪਰੀ ਸੀ ਜਦੋਂ ਦੋ ਭਰਾ ਦਿੱਲੀ ਤੋਂ ਲੰਡਨ ਲਈ ਬ੍ਰਿਟਿਸ਼ ਏਅਰਵੇਜ਼ ਦੀ ਉਡਾਣ ਵਿਚ ਚਲੇ ਗਏ ਸਨ। ਉਨ੍ਹਾਂ ਵਿਚੋਂ ਇਕ ਬਚ ਗਿਆ, ਪਰ ਦੂਜੇ ਦੀ ਉਡਾਣ ਦੌਰਾਨ ਦੁਖਦਾਈ ਮੌਤ ਹੋ ਗਈ।
(For more news apart from Afghan teen news in Punjabi, stay tuned to Rozana Spokesman)