ਫਰੈਂਸੇ ਦੇ ਸ਼ਹਿਰ ਪਾਲਾਸੋਲੋ ਸਨਚੀਆਂ ਦਾ 81ਵਾਂ ਅਜ਼ਾਦੀ ਦਿਵਸ ਮਨਾਉਂਦਿਆਂ ਸਿੱਖ ਫੌਜੀਆਂ ਨੂੰ ਕੀਤਾ ਗਿਆ ਯਾਦ
ਦੂਜੀ ਸੰਸਾਰ ਜੰਗ ’ਚ ਸ਼ਹੀਦੀਆਂ ਪਾਉਣ ਵਾਲੇ ਸਿੱਖ ਫੌਜੀਆਂ ਨੂੰ ਪਰੇਡ ਕਰਕੇ ਦਿੱਤੀ ਸਲਾਮੀ
ਮਿਲਾਨ/ਦਲਜੀਤ ਮੱਕੜ : ਇਟਲੀ ਦੇ ਫਰੈਂਸੇ ਦੇ ਸ਼ਹਿਰ ਪਾਲਾਸੋਲੋ ਸਨਚੀਆਂ ਦਾ 81ਵਾਂ ਅਜ਼ਾਦੀ ਦਿਵਸ ਮਨਾਇਆ ਗਿਆ। ਇਸ ਅਜ਼ਾਦੀ ਦਿਵਸ ਦੇ ਸਬੰਧ ਵਿਚ ਪਾਲਾਸੋਲੋ ਦੇ ਕਮੂਨੇ ਦੁਆਰਾ ਭੇਜੇ ਸੱਦੇ ਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਇਟਲੀ ਦੇ ਪ੍ਰਬੰਧਕ ਵੀ ਸ਼ਾਮਿਲ ਹੋਏ। ਇਸ ਸ਼ਰਧਾਂਜਲੀ ਸਮਾਗਮ ਵਿੱਚ ਸਭ ਤੋਂ ਪਹਿਲਾਂ ਇਟਲੀ ਦੀ ਮਿਲਟਰੀ ਤੇ ਇੰਗਲੈਂਡ ਮਿਲਟਰੀ ਨੇ ਦੂਸਰੀ ਸੰਸਾਰ ਜੰਗ ਵਿਚ ਸ਼ਹੀਦੀਆਂ ਪਾਉਣ ਵਾਲੇ ਸਿੱਖ ਫੌਜੀਆਂ ਨੂੰ ਪਰੇਡ ਕਰਕੇ ਸਲਾਮੀ ਦਿੱਤੀ।
ਇਸ ਤੋਂ ਬਾਅਦ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਨੇ ਸ਼ਹੀਦ ਫੌਜੀਆਂ ਨੂੰ ਸ਼ਰਧਾਂਲੀ ਦੇ ਫੁੱਲ ਭੇਂਟ ਕੀਤੇ, ਜਿਸ ਉਪਰੰਤ ਇੰਗਲੈਂਡ ਦੀ ਮਿਲਟਰੀ ਤੇ ਇਟਲੀ ਦੀ ਮਿਲਟਰੀ ਨੇ ਸ਼ਰਧਾਂਜ਼ਲੀ ਭੇਂਟ ਕੀਤੀ। ਇੰਗਲੈਂਡ ਤੋਂ ਆਈ ਮਿਲਟਰੀ ਦੇ ਜਰਨਲ ਨੇ ਆਪਣੇ ਭਾਸ਼ਨ ਸਿੱਖ ਮਿਲਟਰੀ ਨੂੰ ਇੱਕ ਬਹਾਦਰ ਕੌਮ ਦੇ ਸ਼ਹੀਦ ਕਿਹਾ ਅਤੇ ਦੱਸਿਆ ਕਿ ਸਿੱਖ ਦੂਜਿਆਂ ਦੇ ਲਈ ਆਪਣੀਆਂ ਜਾਨਾਂ ਦੇ ਦਿੰਦੇ ਹਨ। ਬਾਅਦ ਕਮੇਟੀ ਦੇ ਸੈਕਟਰੀ ਸਤਿਨਾਮ ਸਿੰਘ ਨੇ ਇੰਗਲੈਂਡ ਤੇ ਇਟਲੀ ਦੀ ਮਿਲਟਰੀ ਦਾ ਧੰਨਵਾਦ ਕੀਤਾ।
ਪਾਲਾਸੋਲੋ ਦੇ ਮੇਅਰ ਮਾਕਰੋ ਬੁਟੀਨੇ ਨੇ ਆਪਣੇ ਵਿਚਾਰ ਪ੍ਰਗਟ ਕਰਦਿਆ ਕਿਹਾ ਕਿ ਮੈਨੂੰ ਬੜੀ ਖੁਸ਼ੀ ਤੇ ਮਾਣ ਵੀ ਹੈ ਕਿ ਸਿੱਖ ਫੌਜੀਆਂ ਨੇ ਆਪਣੀਆਂ ਸ਼ਹੀਦੀਆਂ ਦੇ ਪਾਲਾਸੋਲੋ ਅਜ਼ਾਦ ਕਰਾਇਆ ਸੀ, ਅੱਜ ਉਨ੍ਹਾਂ ਦੇ ਵਾਰਿਸ ਸਾਡੇ ਅਜ਼ਾਦੀ ਦਿਵਸ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਆਸ ਪ੍ਰਗਟਾਈ ਕਿ ਸਿੱਖ ਭਾਈਚਾਰਾ ਇਸੇ ਤਰ੍ਹਾਂ ਹੀ ਅੱਗੋਂ ਵੀ ਹਰ ਸਾਲ ਸ਼ਾਮਲ ਹੁੰਦਾ ਰਹੇਗਾ।
ਇਸ ਸਮਾਗਮ ਦੀ ਜਾਣਕਾਰੀ ਦਿੰਦਿਆਂ ਸਿੱਖ ਆਗੂਆ ਨੇ ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਜਿਸ ਜਗ੍ਹਾ ਅਸੀਂ ਸ਼ਹੀਦ ਫੌਜੀਆਂ ਦੀ ਯਾਦ ’ਚ ਖੰਡਾ ਲਾਇਆ ਸੀ ਹੁਣ ਉਸ ਦੇ ਨਾਲ ਸਾਡਾ ਨਿਸ਼ਾਨ ਸਾਹਿਬ ਵੀ ਸਦਾ ਝੂਲਦਾ ਰਹੇਗਾ। ਇਸ ਅਜ਼ਾਦੀ ਦਿਵਸ ’ਤੇ ਵਰਲਡ ਸਿਖ ਸ਼ਹੀਦ ਮਿਲਟਰੀ (ਰਜਿ.) ਇਟਲੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ, ਸੇਵਾ ਸਿੰਘ ਫੌਜੀ ਮੀਤ ਪ੍ਰਧਾਨ, ਸਤਨਾਮ ਸਿੰਘ ਸੈਕਟਰੀ, ਮਨਜਿੰਦਰ ਸਿੰਘ ਖਾਲਸਾ, ਇਕਬਾਲ ਸਿੰਘ ਸੋਢੀ, ਸਤਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਦੀਪ ਸਿੰਘ, ਪਰਮਿੰਦਰ ਸਿੰਘ, ਬਖਤੌਰ ਸਿੰਘ ਸ਼ਾਮਲ ਹੋਏ। ਇਸ ਮੌਕੇ ਗੁਰੂ ਕੇ ਲੰਗਰ ਦੀ ਸੇਵਾ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਨੇ ਕੀਤੀ।