ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੇ ਬੱਚਿਆਂ ਨੇ ਪ੍ਰਾਪਤ ਕੀਤਾ ਪੁਲਿਤਜ਼ਰ ਪੁਰਸਕਾਰ
6 ਸਾਲਾ ਯੂਨਸ ਸਿੱਦੀਕੀ ਤੇ 4 ਸਾਲਾ ਸਾਰਾਹ ਸਿੱਦੀਕੀ ਨੇ ਨਿਊਯਾਰਕ ਵਿਚ ਇਕ ਸਮਾਰੋਹ ਵਿਚ ਇਹ ਪੁਰਸਕਾਰ ਪ੍ਰਾਪਤ ਕੀਤਾ।
ਨਿਊਯਾਰਕ: ਰਾਇਟਰਜ਼ ਦੇ ਫੋਟੋ ਜਰਨਲਿਸਟ ਦਾਨਿਸ਼ ਸਿੱਦੀਕੀ ਦੇ ਬੱਚਿਆਂ ਨੇ ਮਰਹੂਮ ਪੱਤਰਕਾਰ ਦੀ ਤਰਫੋਂ ਪੁਲਿਤਜ਼ਰ ਪੁਰਸਕਾਰ ਸਵੀਕਾਰ ਕੀਤਾ। ਪਿਛਲੇ ਸਾਲ ਜੁਲਾਈ ਵਿਚ ਅਫਗਾਨਿਸਤਾਨ ਦੇ ਹਾਲਾਤ ਦੀ ਕਵਰੇਜ ਕਰਦੇ ਸਮੇਂ ਦਾਨਿਸ਼ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ। ਮਰਹੂਮ ਦਾਨਿਸ਼ ਸਿੱਦੀਕੀ ਦੇ ਬੱਚਿਆਂ 6 ਸਾਲਾ ਯੂਨਸ ਸਿੱਦੀਕੀ ਤੇ 4 ਸਾਲਾ ਸਾਰਾਹ ਸਿੱਦੀਕੀ ਨੇ ਨਿਊਯਾਰਕ ਵਿਚ ਇਕ ਸਮਾਰੋਹ ਵਿਚ ਇਹ ਪੁਰਸਕਾਰ ਪ੍ਰਾਪਤ ਕੀਤਾ।
ਆਪਣੇ ਪੱਤਰਕਾਰੀ ਕਰੀਅਰ ਵਿਚ ਦਾਨਿਸ਼ ਸਿੱਦੀਕੀ ਨੇ ਦੁਨੀਆ ਭਰ ਵਿਚ ਵੱਡੇ ਸੰਘਰਸ਼ਾਂ ਨੂੰ ਕਵਰ ਕੀਤਾ। ਅਫਗਾਨਿਸਤਾਨ ਸੰਘਰਸ਼ ਤੋਂ ਇਲਾਵਾ ਉਹਨਾਂ ਨੇ ਹਾਂਗਕਾਂਗ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਏਸ਼ੀਆ, ਮੱਧ ਪੂਰਬ ਅਤੇ ਯੂਰਪ ਵਿਚ ਹੋਰ ਪ੍ਰਮੁੱਖ ਘਟਨਾਵਾਂ ਨੂੰ ਵਿਆਪਕ ਰੂਪ ਵਿਚ ਕਵਰ ਕੀਤਾ ਸੀ। ਉਹਨਾਂ ਨੇ ਰੋਹਿੰਗਿਆ ਸ਼ਰਨਾਰਥੀ ਸੰਕਟ ਦੇ ਦਸਤਾਵੇਜ਼ੀਕਰਨ ਲਈ 2018 ਵਿਚ ਫੀਚਰ ਫੋਟੋਗ੍ਰਾਫੀ ਲਈ ਪੁਲਿਤਜ਼ਰ ਪੁਰਸਕਾਰ ਜਿੱਤਿਆ ਸੀ।
ਦਾਨਿਸ਼ ਦੇ ਪਿਤਾ ਅਖਤਰ ਸਿੱਦੀਕੀ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੇ ਬੇਟੇ ਦੇ ਕੰਮ ਨੂੰ ਮਾਨਤਾ ਮਿਲ ਰਹੀ ਹੈ। ਦਾਨਿਸ਼ ਅੱਜ ਸਾਡੇ ਵਿਚ ਨਹੀਂ ਹੈ ਪਰ ਉਹ ਸਾਨੂੰ ਮਾਣ ਅਤੇ ਖੁਸੀ ਮਹਿਸੂਸ ਕਰਵਾ ਰਿਹਾ ਹੈ। ਪੁਲਿਤਜ਼ਰ ਪੁਰਸਕਾਰ ਉਹਨਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਕਦਰਾਂ-ਕੀਮਤਾਂ ਆਧਾਰਿਤ ਪੱਤਰਕਾਰੀ ਲਈ ਇਕ ਮਾਨਤਾ ਹੈ। ਮਰਹੂਮ ਪੱਤਰਕਾਰ ਦੇ ਪਿਤਾ ਨੇ ਕਿਹਾ ਕਿ ਦਾਨਿਸ਼ ਸਿੱਦੀਕੀ ਨੇ ਭਾਗਲਪੁਰ ਦੇ ਦੂਰ-ਦੁਰਾਡੇ ਇਲਾਕਿਆਂ ਦੀ ਯਾਤਰਾ ਕੀਤੀ ਅਤੇ ਕੋਵਿਡ ਮਹਾਂਮਾਰੀ ਦੇ ਸਿਖਰ ਦੌਰਾਨ ਵਾਰਡਾਂ ਵਿਚ ਵੀ ਸਮਾਂ ਬਿਤਾਇਆ ਸੀ।