ਵਿਵਾਦਿਤ ਖੇਤਰ ’ਚ ਚੀਨੀ ਜਹਾਜ਼ਾਂ ਨੇ ਫ਼ਿਲੀਪੀਨ ਦੇ ਜਹਾਜ਼ ਅਤੇ ਸਪਲਾਈ ਕਿਸ਼ਤੀ ਨੂੰ ਮਾਰੀ ਟੱਕਰ
ਚੀਨ ਨੇ ਵਿਵਾਦ ਲਈ ਫ਼ਿਲੀਪੀਨ ਦੇ ਜਹਾਜ਼ਾਂ ਨੂੰ ਦੋਸ਼ੀ ਠਹਿਰਾਇਆ
ਮਨੀਲਾ: ਫ਼ਿਲੀਪੀਨ ਦੇ ਅਧਿਕਾਰੀਆਂ ਨੇ ਕਿਹਾ ਕਿ ਇਕ ਚੀਨੀ ਤੱਟ ਰਖਿਅਕ ਫ਼ੋਰਸ ਦੇ ਇਕ ਜਹਾਜ਼ ਅਤੇ ਉਸ ਦੇ ਇਕ ‘ਮਿਲਿਸ਼ੀਆ’ ਬੇੜੇ ਨੇ ਐਤਵਾਰ ਨੂੰ ਦਖਣੀ ਚੀਨ ਸਾਗਰ ’ਚ ਇਕ ਵਿਵਾਦਤ ਤੱਟ ’ਤੇ ਉਸ ਦੇ ਤੱਟ ਰਖਿਅਕ ਜਹਾਜ਼ ਅਤੇ ਫ਼ੌਜ ਵਲੋਂ ਸੰਚਾਲਿਤ ਇਕ ਸਪਲਾਈ ਕਿਸ਼ਤੀ ਨੂੰ ਦੋ ਵੱਖੋ-ਵੱਖ ਘਟਨਾਵਾਂ ’ਚ ਟੱਕਰ ਮਾਰ ਦਿਤੀ।
ਫ਼ਿਲੀਪੀਨ ਨੇ ਚੀਨ ਦੇ ਇਕ ਕਾਰੇ ਨੂੰ ‘ਖ਼ਤਰਨਾਕ, ਗ਼ੈਰ-ਜ਼ਿੰਮੇਵਾਰਾਨਾ ਅਤੇ ਨਾਜਾਇਜ਼’ ਦਸਿਆ ਹੈ। ਅਧਿਕਾਰੀਆਂ ਨੇ ਸੈਕਿੰਡ ਥਾਮਸ ਸਮੁੰਦਰੀ ਕੰਢੇ ’ਤੇ ਵਾਪਰੀਆਂ ਇਨ੍ਹਾਂ ਘਟਨਾਵਾਂ ’ਚ ਕਿਸੇ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਦਿਤੀ ਹੈ। ਫ਼ਿਲੀਪੀਨ ਦੇ ਲੰਮੇ ਸਮੇਂ ਤੋਂ ਸੰਧੀ ਸਹਿਯੋਗੀ ਅਮਰੀਕਾ ਨੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਹੈ। ਜਦਕਿ ਫ਼ਿਲੀਪੀਨ ਸਰਕਾਰ ਨੇ ਵੀ ਨਿੰਦਾ ਕਰਦਿਆਂ ਇਸ ਨੂੰ ਮਨੀਲਾ ਦੀ ਸੰਪ੍ਰਭੂਤਾ ਦੀ ਉਲੰਘਣਾ ਦਸਿਆ।
ਚੀਨੀ ਤੱਟ ਰਖਿਅਕ ਨੇ ਕਿਹਾ ਕਿ ਫ਼ਿਲੀਪੀਨ ਦੇ ਜਹਾਜ਼ਾਂ ਨੇ ਵਾਰ-ਵਾਰ ਰੇਡੀਉ ਚੇਤਾਵਨੀਆਂ ਦੇ ਬਾਵਜੂਦ ਬਗ਼ੈਰ ਇਜਾਜ਼ਤ ਤੋਂ ਚੀਨੀ ਜਲ ਖੇਤਰ ’ਚ ਦਾਖ਼ਲਾ ਲਿਆ ਜਿਸ ਕਾਰਨ ਉਨ੍ਹਾਂ ਲਈ ਉਸ ਦੇ ਜਹਾਜ਼ਾਂ ਨੂੰ ਰੋਕਣ ਲਈ ਮਜਬੂਰ ਹੋਣਾ ਪਿਆ। ਚੀਨ ਨੇ ਵਿਵਾਦ ਲਈ ਫ਼ਿਲੀਪੀਨ ਦੇ ਜਹਾਜ਼ਾਂ ਨੂੰ ਦੋਸ਼ੀ ਠਹਿਰਾਇਆ।
ਚੀਨੀ ਤੱਟ ਰਖਿਅਕ ਨੇ ਅਪਣੀ ਵੈੱਬਸਾਈਟ ’ਤੇ ਇਕ ਬਿਆਨ ’ਚ ਕਿਹਾ, ‘‘ਫ਼ਿਲੀਪੀਨ ਧਿਰ ਦਾ ਵਿਹਾਰ ਸਮੁੰਦਰ ’ਚ ਵਿਵਾਦ ਤੋਂ ਬਚਣ ਦੇ ਕੌਮਾਂਤਰੀ ਨਿਯਮਾਂ ਦਾ ਗੰਭੀਰ ਉਲੰਘਣਾ ਕਰਦਾ ਹੈ ਅਤੇ ਸਾਡੇ ਜਹਾਜ਼ਾਂ ਦੀ ਸੁਰਖਿਆ ਨੂੰ ਖ਼ਤਰੇ ’ਚ ਪਾਉਂਦਾ ਹੈ।’’
ਮਨੀਲਾ ’ਚ ਅਮਰੀਕੀ ਸਫ਼ੀਰ ਮੈਰੀਕੇ ਕਾਰਲਸਨ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਚੀਨ ਦੇ ਅਯੰਗਿਨ ਤੱਟ ’ਤੇ ਕੀਤੇ ਗਏ ਇਸ ਕਾਰੇ ਦੀ ਅਮਰੀਕਾ ਨਿੰਦਾ ਕਰਦਾ ਹੈ ਜਿਸ ਨਾਲ ਫ਼ਿਲੀਪੀਨ ਦੇ ਫ਼ੌਜੀ ਮੁਲਾਜ਼ਮਾਂ ਦੀ ਜ਼ਿੰਦਗੀ ਖ਼ਤਰੇ ’ਚ ਪੈ ਗਈ।’’ ਫ਼ਿਲੀਪੀਨ ਦੀ ਇਕ ਸਰਕਾਰੀ ਵਰਕ ਫ਼ੋਰਸ ਨੇ ਕਿਹਾ ਕਿ ਉਹ ‘ਅੱਜ ਸਵੇਰੇ ਫ਼ਿਲੀਪੀਨ ਦੀ ਸੰਪ੍ਰਭੂਤਾ, ਸੰਪ੍ਰਭੂ ਅਧਿਕਾਰਾਂ ਅਤੇ ਅਧਿਕਾਰ ਖੇਤਰ ਦੀ ਉਲੰਘਣਾ ’ਚ ਚੀਨੀ ਤੱਟ ਰਖਿਅਕ ਅਤੇ ਚੀਨੀ ਸਮੁੰਦਰੀ ਮਿਲਿਸ਼ੀਆ ਦੀ ਨਵੀਨਤਮ ਖ਼ਤਰਨਾਕ, ਗ਼ੈਰ-ਜ਼ਿੰਮੇਵਾਰਾਨਾ ਅਤੇ ਨਾਜਾਇਜ਼ ਕਾਰਵਾਈਆਂ ਦੀ ਸਖ਼ਤ ਨਿੰਦਾ ਕਰਦੇ ਹਨ।’
ਵਰਕ ਫ਼ੋਰਸ ਨੇ ਇਕ ਬਿਆਨ ’ਚ ਕਿਹਾ ਕਿ ਐਵਤਾਰ ਸਵੇਰੇ ਵਾਪਰੀ ਪਹਿਲੀ ਘਟਨਾ ’ਚ ਚੀਨ ਦੇ ਤੱਟ ਰਖਿਅਕ ਜਹਾਜ਼ 5203 ਦੇ ਖ਼ਤਰਨਾਕ ਜੰਗੀ ਅਭਿਆਸ ਕਾਰਨ ਫ਼ਿਲੀਪੀਨ ਦੀ ਫ਼ੌਜੀ ਕਿਸ਼ਤੀ ਨਾਲ ਟੱਕਰ ਹੋ ਗਈ। ਚੀਨੀ ਤੱਟ ਰਖਿਅਕ ਜਹਾਜ਼ ਦੀ ਖ਼ਤਰਨਾਕ, ਗ਼ੈਰਜ਼ਿੰਮੇਵਾਰ ਅਤੇ ਨਾਜਾਇਜ਼ ਕਾਰਵਾਈ ਨੇ ਚਾਲਕ ਦਲ ਦੀ ਸੁਰਖਿਆ ਨੂੰ ਖ਼ਤਰੇ ’ਚ ਪਾ ਦਿਤਾ ਸੀ। ਜਦਕਿ ਦੂਜੀ ਘਟਨਾ ’ਚ ਫ਼ਿਲੀਪੀਨ ਤੱਟ ਰਖਿਅਕ ਜਹਾਜ਼ ਖੱਬੇ ਪਾਸੇ ਤੋਂ ਚੀਨੀ ਮਿਲੀਸ਼ੀਆ ਜਹਾਜ਼ 00003 ਨਾਲ ਟਕਰਾ ਗਿਆ।
ਘਟਨਾ ਵਾਲੀ ਥਾਂ ਦੁਨੀਆਂ ਦੇ ਸਭ ਤੋਂ ਭੀੜ ਵਾਲੇ ਵਪਾਰ ਮਾਰਗਾਂ ’ਚੋਂ ਇਕ ਹੈ ਅਤੇ ਦਖਣੀ ਚੀਨ ਸਾਗਰ ’ਚ ਲੰਮੇ ਸਮੇਂ ਤੋਂ ਚਲ ਰਹੇ ਖੇਤਰੀ ਵਿਵਾਦਾਂ ’ਚ ਨਵੀਨਤਮ ਘਟਨਾਕ੍ਰਮ ਹੈ। ਇਲਾਕੇ ਨੂੰ ਲੈ ਕੇ ਚੀਨ, ਫ਼ਿਲੀਪੀਨਜ਼, ਵਿਅਤਨਾਮ, ਮਲੇਸ਼ੀਆ, ਅਤੇ ਬਰੁਨੇਈ ਨੇ ਦਹਾਕਿਆਂ ਤੋਂ ਅਪਣੇ-ਅਪਣੇ ਦਾਅਵੇ ਕੀਤੇ ਹਨ ਅਤੇ ਇਹ ਖੇਤਰ ਅਮਰੀਕਾ-ਚੀਨ ਮੁਕਾਬਲੇਬਾਜ਼ੀ ’ਚ ਮਹੱਤਵਪੂਰਨ ਘਟਕ ਬਣ ਗਿਆ ਹੈ।