ਇਜ਼ਰਾਈਲ ਨੇ ਗਾਜ਼ਾ ਪੱਟੀ ’ਤੇ ਜ਼ਮੀਨੀ ਹਮਲੇ ਸ਼ੁਰੂ ਕੀਤੇ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ : ਹਿਜ਼ਬੁੱਲਾ
ਇਜ਼ਰਾਈਲ-ਹਮਾਸ ਯੁੱਧ ’ਚ ਸਾਡੀ ਅਹਿਮ ਭੂਮਿਕਾ ਹੈ: ਹਿਜ਼ਬੁੱਲਾ ਅਧਿਕਾਰੀ
ਹਮਾਸ ਨੇ ਕਿਹਾ, ਜੇਕਰ ਇਜ਼ਰਾਈਲ ਗਾਜ਼ਾ ’ਚ ਜ਼ਮੀਨੀ ਹਮਲੇ ਕਰਦਾ ਹੈ ਤਾਂ ਹਿਜ਼ਬੁੱਲਾ ਜੰਗ ’ਚ ਸ਼ਾਮਲ ਹੋ ਜਾਵੇਗਾ
ਬੇਰੂਤ: ਲੇਬਨਾਨ ਦੇ ਕੱਟੜਪੰਥੀ ਸੰਗਠਨ ਹਿਜ਼ਬੁੱਲਾ ਨੇ ਕਿਹਾ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ’ਚ ਉਸ ਦੀ ‘ਮਹੱਤਵਪੂਰਣ ਭੂਮਿਕਾ’ ਹੈ ਅਤੇ ਜੇਕਰ ਇਜ਼ਰਾਈਲ ਗਾਜ਼ਾ ਪੱਟੀ ’ਤੇ ਜ਼ਮੀਨੀ ਹਮਲੇ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ। ਹਿਜ਼ਬੁੱਲਾ ਦੇ ਉਪ ਨੇਤਾ ਸ਼ੇਖ ਨਈਮ ਕਾਸਿਮ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਜ਼ਰਾਈਲ ਨੇ ਦਖਣੀ ਲੇਬਨਾਨ ’ਚ ਬੰਬਾਰੀ ਅਤੇ ਡਰੋਨ ਹਮਲੇ ਕੀਤੇ ਅਤੇ ਹਿਜ਼ਬੁੱਲਾ ਨੇ ਇਜ਼ਰਾਈਲ ਵਲ ਰਾਕੇਟ ਅਤੇ ਮਿਜ਼ਾਈਲਾਂ ਦਾਗੀਆਂ।
ਹਿਜ਼ਬੁੱਲਾ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਹੋਏ ਹਮਲੇ ਵਿਚ ਉਸ ਦੇ ਛੇ ਲੜਾਕੇ ਮਾਰੇ ਗਏ, ਜੋ ਕਿ ਦੋ ਹਫ਼ਤੇ ਪਹਿਲਾਂ ਜੰਗ ਸ਼ੁਰੂ ਹੋਣ ਤੋਂ ਬਾਅਦ ਇਕ ਦਿਨ ਵਿਚ ਸਭ ਤੋਂ ਵੱਧ ਮੌਤਾਂ ਹਨ। ਕਾਸਿਮ ਨੇ ਕਿਹਾ ਕਿ ਹਿਜ਼ਬੁੱਲਾ ਦਾ ਲੇਬਨਾਨ-ਇਜ਼ਰਾਈਲ ਸਰਹੱਦ ’ਤੇ ਤਣਾਅ ਪੈਦਾ ਕਰਨ ਦਾ ਸਪੱਸ਼ਟ ਉਦੇਸ਼ ਹੈ। ਉਸ ਨੇ ਕਿਹਾ, ‘‘ਅਸੀਂ ਇਜ਼ਰਾਈਲੀ ਦੁਸ਼ਮਣ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਨ੍ਹਾਂ ਨੂੰ ਦੱਸ ਰਹੇ ਹਾਂ ਕਿ ਅਸੀਂ ਤਿਆਰ ਹਾਂ।’’
ਹਮਾਸ ਨੇ ਕਿਹਾ ਹੈ ਕਿ ਜੇਕਰ ਇਜ਼ਰਾਈਲ ਗਾਜ਼ਾ ’ਚ ਜ਼ਮੀਨੀ ਹਮਲੇ ਕਰਦਾ ਹੈ ਤਾਂ ਹਿਜ਼ਬੁੱਲਾ ਜੰਗ ’ਚ ਸ਼ਾਮਲ ਹੋ ਜਾਵੇਗਾ। 7 ਅਕਤੂਬਰ ਨੂੰ ਹਮਾਸ ਦੇ ਲੜਾਕਿਆਂ ਵਲੋਂ ਦਖਣੀ ਇਜ਼ਰਾਈਲ ਦੇ ਸ਼ਹਿਰਾਂ ’ਤੇ ਹਮਲਾ ਕਰਨ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ ਨੂੰ ਘੇਰਾ ਪਾ ਲਿਆ ਅਤੇ ਕਈ ਜਵਾਬੀ ਹਵਾਈ ਹਮਲੇ ਕੀਤੇ।
ਮਿਸਰ ਤੋਂ ਆਈ ਮਦਦ ਨਾਕਾਫ਼ੀ ਕਰਾਰ, ਸਰਜਰੀ ਲਈ ਕਪੜੇ ਸਿਊਣ ਵਾਲੀਆਂ ਸੂਈਆਂ ਦੀ ਹੋ ਰਹੀ ਵਰਤੋਂ
ਮਿਸਰ ਅਤੇ ਗਾਜ਼ਾ ਦਰਮਿਆਨ ਸਰਹੱਦ ਸ਼ਨਿਚਰਵਾਰ ਨੂੰ ਖੋਲ੍ਹ ਦਿਤੀ ਗਈ ਸੀ, ਜਿਸ ਦੇ ਨਤੀਜੇ ਵਜੋਂ ਲਗਭਗ ਦੋ ਹਫ਼ਤਿਆਂ ਤੋਂ ਚੱਲੀ ਇਜ਼ਰਾਈਲੀ ਘੇਰਾਬੰਦੀ ਕਾਰਨ ਭੋਜਨ, ਦਵਾਈ ਅਤੇ ਪਾਣੀ ਦੀ ਘਾਟ ਨਾਲ ਜੂਝ ਰਹੇ ਫਲਸਤੀਨੀਆਂ ਨੂੰ ਸਹਾਇਤਾ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਸਹਾਇਤਾ ਮੁਲਾਜ਼ਮਾਂ ਅਨੁਸਾਰ, ਸਿਰਫ 20 ਟਰੱਕਾਂ ਨੂੰ ਗਾਜ਼ਾ ’ਚ ਜਾਣ ਦੀ ਇਜਾਜ਼ਤ ਦਿਤੀ ਗਈ ਸੀ, ਜੋ ਕਿ ਬਹੁਤ ਵੱਡੇ ਮਾਨਵਤਾਵਾਦੀ ਸੰਕਟ ਨਾਲ ਨਜਿੱਠਣ ਲਈ ਨਾਕਾਫੀ ਹੈ। ਗਾਜ਼ਾ ਲਈ 3,000 ਟਨ ਸਹਾਇਤਾ ਲੈ ਕੇ ਜਾਣ ਵਾਲੇ 200 ਤੋਂ ਵੱਧ ਟਰੱਕ ਕਈ ਦਿਨਾਂ ਤੋਂ ਸਰਹੱਦ ’ਤੇ ਉਡੀਕ ਕਰ ਰਹੇ ਸਨ। ਹਸਪਤਾਲਾਂ ਦਾ ਕਹਿਣਾ ਹੈ ਕਿ ਪੂਰੇ ਇਲਾਕੇ ’ਚ ਬਿਜਲੀ ਬੰਦ ਹੋਣ ਕਾਰਨ ਉਨ੍ਹਾਂ ਕੋਲ ਐਮਰਜੈਂਸੀ ਜਨਰੇਟਰਾਂ ਲਈ ਡਾਕਟਰੀ ਸਪਲਾਈ ਅਤੇ ਬਾਲਣ ਦੀ ਕਮੀ ਹੈ।
ਗਾਜ਼ਾ ਦੇ ਇਕ ਆਰਥੋਪੀਡਿਕ ਸਰਜਨ ਡਾ. ਨਿਦਾਲ ਅਬੇਦ ਨੇ ਕਿਹਾ ਕਿ ਜਦੋਂ ਉਹ ਬਿਨਾਂ ਐਨਸਥੀਸੀਆ ਦੇ ਸਰਜਰੀ ਕਰਦਾ ਹੈ, ਤਾਂ ਮਰੀਜ਼ਾਂ ਦੀਆਂ ਚੀਕਾਂ ਇਲਾਜ ਦੀ ਉਡੀਕ ਕਰ ਰਹੇ ਜ਼ਖਮੀਆਂ ਨੂੰ ਵੀ ਡਰਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਨਾਕਾਫ਼ੀ ਡਾਕਟਰੀ ਸਪਲਾਈ ਅਤੇ ਜ਼ਖ਼ਮੀਆਂ ਦੀ ਭੀੜ ਵਿਚਕਾਰ ਇਲਾਜ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਹ ਫਰਸ਼ਾਂ, ਗਲਿਆਰਿਆਂ ਅਤੇ ਮਰੀਜ਼ਾਂ ਨਾਲ ਭਰੇ ਕਮਰਿਆਂ ’ਚ ਮਰੀਜ਼ਾਂ ਦਾ ਇਲਾਜ ਕਰਨ ਲਈ ਮਜਬੂਰ ਹੈ। ਲੋੜੀਂਦੀ ਡਾਕਟਰੀ ਸਪਲਾਈ ਦੀ ਘਾਟ ਦੇ ਵਿਚਕਾਰ, ਪੱਟੀਆਂ ਦੀ ਬਜਾਏ ਕੱਪੜੇ, ਐਂਟੀਸੈਪਟਿਕ ਦੀ ਬਜਾਏ ਸਿਰਕੇ ਅਤੇ ਸਰਜਰੀ ਲਈ ਕਪੜੇ ਸਿਉਣ ਲਈ ਸੂਈਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਕਿਆਸ ਲਗਾਏ ਜਾ ਰਹੇ ਹਨ ਕਿ ਇਰਾਨ ਸਮਰਥਿਤ ਹਿਜ਼ਬੁੱਲਾ ਉੱਤਰੀ ਇਜ਼ਰਾਈਲ ’ਤੇ ਵੱਡੇ ਪੱਧਰ ’ਤੇ ਹਮਲੇ ਕਰ ਕੇ ਇਜ਼ਰਾਈਲ-ਹਮਾਸ ਜੰਗ ’ਚ ਨਵਾਂ ਮੋਰਚਾ ਖੋਲ੍ਹਣ ਦੀ ਕੋਸ਼ਿਸ਼ ਕਰ ਸਕਦਾ ਹੈ। ਹਿਜ਼ਬੁੱਲਾ ਕੋਲ ਹਜ਼ਾਰਾਂ ਰਾਕੇਟ ਅਤੇ ਮਿਜ਼ਾਈਲਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਡਰੋਨ ਵੀ ਹਨ। ਕਾਸਿਮ ਨੇ ਕਿਹਾ ਕਿ ਉਨ੍ਹਾਂ ਦੇ ਸੰਗਠਨ ਨੇ ਲੇਬਨਾਨ-ਇਜ਼ਰਾਈਲ ਸਰਹੱਦ ’ਤੇ ਤਣਾਅ ਪੈਦਾ ਕਰ ਕੇ ਇਜ਼ਰਾਈਲੀ ਫੌਜ ਨੂੰ ਉਲਝਾਇਆ ਹੋਇਆ ਹੈ ਤਾਂ ਜੋ ਉਹ ਗਾਜ਼ਾ ’ਤੇ ਹਮਲੇ ਦੀ ਤਿਆਰੀ ਕਰਨ ਦੀ ਬਜਾਏ ਉੱਤਰੀ ਖੇਤਰ ’ਚ ਰੁੱਝੇ ਰਹਿਣ।
ਉਸ ਨੇ ਕਿਹਾ, ‘‘ਕੀ ਤੁਸੀਂ ਸੋਚਦੇ ਹੋ ਕਿ ਜੇ ਤੁਸੀਂ ਫਲਸਤੀਨੀ ਵਿਰੋਧ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਖੇਤਰ ਦੇ ਹੋਰ ਮਿਲਿਸ਼ੀਆ ਕਾਰਵਾਈ ਨਹੀਂ ਕਰਨਗੇ? ਇਸ ਜੰਗ ’ਚ ਅੱਜ ਸਾਡੀ ਵੀ ਅਹਿਮ ਭੂਮਿਕਾ ਹੈ।’’ ਲੇਬਨਾਨ ਦੀ ਅਧਿਕਾਰਤ ਨੈਸ਼ਨਲ ਨਿਊਜ਼ ਏਜੰਸੀ ਨੇ ਕਿਹਾ ਕਿ ਇਜ਼ਰਾਈਲੀ ਸਰਹੱਦ ਤੋਂ ਲਗਭਗ 20 ਕਿਲੋਮੀਟਰ ਉੱਤਰ ਵਿਚ ਸੇਜੌਦ ਖੇਤਰ ਵਿਚ ਇਕ ਘਾਟੀ ’ਚ ਇਕ ਇਜ਼ਰਾਈਲੀ ਡਰੋਨ ਨੇ ਮਿਜ਼ਾਈਲ ਦਾਗੀ। ਹਿਜ਼ਬੁੱਲਾ ਨੇ ਹਮਲੇ ਦੀ ਤੁਰਤ ਪੁਸ਼ਟੀ ਨਹੀਂ ਕੀਤੀ, ਪਰ ਜੇਕਰ ਇਹ ਸੱਚ ਹੈ ਤਾਂ ਇਹ ਇਕ ਵੱਡੀ ਘਟਨਾ ਹੋਵੇਗੀ ਕਿਉਂਕਿ ਇਹ ਸਰਹੱਦ ਤੋਂ ਬਹੁਤ ਦੂਰ ਲੇਬਨਾਨ ਦੇ ਅੰਦਰੂਨੀ ਹਿੱਸੇ ’ਚ ਹੈ। ਦਖਣੀ ਲੇਬਨਾਨ ’ਚ ਇਕ ਐਸੋਸੀਏਟਿਡ ਪ੍ਰੈਸ ਪੱਤਰਕਾਰ ਨੇ ਪੁਸ਼ਟੀ ਕੀਤੀ ਕਿ ਭੂਮੱਧ ਸਾਗਰ ਤੱਟ ਦੇ ਨਾਲ ਸਰਹੱਦ ਦੇ ਨੇੜੇ ਜ਼ੋਰਦਾਰ ਧਮਾਕੇ ਸੁਣੇ ਗਏ ਸਨ।