ਪਾਕਿਸਤਾਨ 'ਚ ਕੋਰੋਨਾ ਲਾਗ ਵਧਣ ਦਾ ਖ਼ਤਰਾ ਵਧਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਿਜ਼ਵੀ ਦੇ ਅੰਤਮ ਸਸਕਾਰ 'ਚ ਸ਼ਾਮਲ ਹੋਏ 2 ਲੱਖ ਤੋਂ ਵੱਧ ਲੋਕ

image

ਪਿਸ਼ਾਵਰ, 22 ਨਵੰਬਰ: ਪਾਕਿਸਤਾਨ ਦੇ ਫ਼ਾਇਰ ਬ੍ਰਾਂਡ ਆਗੂ ਅਤੇ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਪ੍ਰਮੁੱਖ ਖਾਦਿਮ ਹੁਸੈਨ ਰਿਜ਼ਵੀ (54) ਦੇ ਅੰਤਮ ਸਸਕਾਰ ਵਿਚ ਕੋਰੋਨਾ ਲਾਗ ਦੇ ਖ਼ਤਰੇ ਨੂੰ ਨਜ਼ਰ ਅੰਦਾਜ਼ ਕਰਦਿਆਂ 2 ਲੱਖ ਤੋਂ ਵੱਧ ਲੋਕ ਸ਼ਾਮਲ ਹੋਏ। ਲੋਕਾਂ ਦਾ ਇਹ ਸਮੂਹ ਲਾਹੌਰ ਵਿਚ ਦੇਖਣ ਨੂੰ ਮਿਲਿਆ ਜਦਕਿ ਕੋਰੋਨਾਵਾਇਰਸ ਦੇ ਕਾਰਨ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਭੀੜ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਹੋਈ ਹੈ। ਰਿਜ਼ਵੀ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ ਸੀ।

image


ਮੌਤ ਦਾ ਕਾਰਨ ਹਾਲੇ ਤੱਕ ਸਾਹਮਣੇ ਨਹੀਂ ਆਇਆ ਹੈ। ਡਾਨ ਦੀ ਰਿਪਰੋਟ ਮੁਤਾਬਕ, ਲਾਹੌਰ ਵਿਚ ਫ਼ਾਇਰਬ੍ਰਾਂਡ ਆਗੂ ਦਾ ਕਾਫੀ ਪ੍ਰਭਾਵ ਦਿਸਿਆ। ਸਾਰੇ ਰਸਤਿਆਂ 'ਤੇ ਸਮਰਥਕਾਂ ਦੀ ਭੀੜ ਇਕੱਠੀ ਹੋਣ ਕਾਰਨ ਟ੍ਰੈਫ਼ਿਕ ਜਾਮ ਹੋ ਗਿਆ। ਸੂਤਰਾਂ ਦੇ ਮੁਤਾਬਕ ਰਿਜ਼ਵੀ ਦੇ ਅੰਤਮ ਸਸਕਾਰ ਵਿਚ ਲੋਕਾਂ ਦਾ ਵੱਡੀ ਗਿਣਤੀ ਵਿਚ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਇੱਥੇ ਹਾਲੇ ਵੀ ਲੋਕ ਜਿਹਾਦੀਆਂ ਅਤੇ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਨੂੰ ਪਸੰਦ ਕਰ ਰਹੇ ਹਨ। ਜਦਕਿ ਦਿਖਾਉਣ ਦੇ ਲਈ ਪਾਕਿਸਤਾਨ ਵਿਚ ਇਸ ਤਰ੍ਹਾਂ ਦੀ ਵਿਚਾਰਧਾਰਾ ਦੇ ਲੋਕਾਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਨਹੀਂ ਕੀਤਾ ਜਾ ਰਿਹਾ। ਮੌਤ ਤੋਂ ਇਕ ਦਿਨ ਪਹਿਲਾਂ ਮੌਲਾਨਾ ਇਸਲਾਮਾਬਾਦ ਵਿਚ ਇਕ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ। ਇਹ ਵਿਰੋਧ ਪ੍ਰਦਰਸ਼ਨ ਫ਼ਰਾਂਸ ਵਿਚ ਪੈਗੰਬਰ ਦਾ ਕਾਰਟੂਨ ਪ੍ਰਕਾਸ਼ਿਤ ਕਰਨ ਦੇ ਵਿਰੋਧ ਵਿਚ ਆਯੋਜਤ ਕੀਤਾ ਗਿਆ ਸੀ।


 ਸੂਤਰਾਂ ਮੁਤਾਬਕ, ਭੀੜ ਨੂੰ ਦੇਖਦੇ ਹੋਏ ਮੌਲਾਨਾ ਦੀ ਮ੍ਰਿਤਕ ਦੇਹ ਨੂੰ ਮੋਢਿਆ 'ਤੇ ਨਹੀਂ ਲਿਜਾਇਆ ਜਾ ਸਕਿਆ। ਆਖ਼ਰੀ ਪ੍ਰਾਰਥਨਾ ਦੇ ਲਈ ਮ੍ਰਿਤਕ ਦੇਹ ਨੂੰ ਇਕ ਪੁਲ 'ਤੇ ਰਖਿਆ ਗਿਆ ਤਾਂ ਜੋ ਲੋਕ ਉਨ੍ਹਾਂ ਨੂੰ ਆਖ਼ਰੀ ਵਾਰ ਦੇਖ ਸਕਣ। ਅਪਣੇ ਭੜਕਾਊ ਭਾਸ਼ਣਾਂ ਅਤੇ ਦਲੀਲਾਂ ਦੇ ਲਈ ਮਸ਼ਹੂਰ ਮੌਲਾਨਾ ਰਿਜ਼ਵੀ ਤਹਿਰੀਕ-ਏ-ਲਬੈਕ ਪਾਕਿਸਤਾਨ ਪਾਰਟੀ ਦੇ ਬਾਨੀ ਸਨ।
(ਏਜੰਸੀ)