ਪੈਰਿਸ: ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਦੋ ਦੇਸ਼ਾਂ ਦੀਆਂ ਖੁਫ਼ੀਆ ਏਜੰਸੀਆਂ ਨੂੰ ਸ਼ੱਕ ਹੈ ਕਿ ਰੂਸ ਦੇ ਨਿਸ਼ਾਨੇ ਉਤੇ ਐਲਨ ਮਸਕ ਦੀ ਕੰਪਨੀ ਸਟਾਰਲਿੰਕ ਦੇ ਕਈ ਉਪਗ੍ਰਹਿ ਹਨ, ਜੋ ਇਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਇਕ ਨਵਾਂ ਹਥਿਆਰ ਵਿਕਸਿਤ ਕਰ ਰਿਹਾ ਹੈ।
ਖੁਫ਼ੀਆ ਏਜੰਸੀਆਂ ਦਾ ਮੰਨਣਾ ਹੈ ਕਿ ਇਸ ਪਿੱਛੇ ਰੂਸ ਦਾ ਉਦੇਸ਼ ਪੁਲਾੜ ਦੇ ਖੇਤਰ ’ਚ ਪਛਮੀ ਦੇਸ਼ਾਂ ਦੇ ਦਬਦਬੇ ਨੂੰ ਖ਼ਤਮ ਕਰਨਾ ਹੈ, ਜਿਸ ਨੇ ਯੂਕਰੇਨ ਨੂੰ ਜੰਗ ’ਚ ਮਦਦ ਕੀਤੀ ਹੈ।
‘ਐਸੋਸੀਏਟਡ ਪ੍ਰੈੱਸ’ ਨੇ ਖੁਫ਼ੀਆ ਏਜੰਸੀਆਂ ਦੇ ਨਿਚੋੜ ਵਾਲੇ ਦਸਤਾਵੇਜ਼ਾਂ ਨੂੰ ਵੇਖਿਆ ਹੈ ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਕਥਿਤ ‘ਜ਼ੋਨ ਇਫ਼ੈਕਟ’ ਹਥਿਆਰ ਦਾ ਉਦੇਸ਼ ਸਟਾਰਲਿੰਕ ਦੇ ਰਸਤੇ ਨੂੰ ਸੈਂਕੜੇ ਹਜ਼ਾਰ ਉੱਚ ਘਣਤਾ ਵਾਲੇ ਛੱਰਿਆਂ ਨਾਲ ਭਰ ਦੇਣਾ ਹੈ, ਜਿਸ ਨਾਲ ਸੰਭਾਵਤ ਰੂਪ ’ਚ ਇਕੱਠਿਆਂ ਕਈ ਉਪਗ੍ਰਹਿ ਬੇਅਸਰ ਹੋ ਜਾਣਗੇ ਪਰ ਇਸ ਨਾਲ ਹੋਰ ਉਪਗ੍ਰਹਿ ਵੀ ਨੁਕਸਾਨੇ ਜਾ ਸਕਦੇ ਹਨ।
ਹਾਲਾਂਕਿ ਕੁੱਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਉਤੇ ਸ਼ੱਕ ਹੈ, ਕਿਉਂਕਿ ਅਜਿਹੇ ਕਿਸੇ ਵੀ ਹਥਿਆਰ ਦੀ ਮਾਰ ਹੇਠ ਪੁਲਾੜ ’ਚ ਮੌਜੂਦ ਹੋਰ ਉਪਗ੍ਰਹਿ ਵੀ ਆ ਸਕਦੇ ਹਨ ਅਤੇ ਪੁਲਾੜ ’ਚ ਰੂਸ ਅਤੇ ਉਸ ਦੇ ਸਹਿਯੋਗੀ ਦੇਸ਼ ਚੀਨ ਦੇ ਉਪਗ੍ਰਹਿ ਵੀ ਹਨ। ਇਹ ਦੇਸ਼ ਵੀ ਸੰਚਾਰ, ਰਖਿਆ ਅਤੇ ਹੋਰ ਅਹਿਮ ਖੇਤਰਾਂ ਦੀ ਜਾਣਕਾਰੀ ਲਈ ਹਜ਼ਾਰਾਂ ਉਪਗ੍ਰਹਿ ਉਤੇ ਨਿਰਭਰ ਹਨ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਨਤੀਜਿਆਂ, ਜਿਨ੍ਹਾਂ ’ਚ ਖ਼ੁਦ ਦੀਆਂ ਪੁਲਾੜ ਪ੍ਰਣਾਲੀਆਂ ਨੂੰ ਹੋਣ ਵਾਲੇ ਖ਼ਤਰੇ ਵੀ ਸ਼ਾਮਲ ਹਨ, ਕਾਰਨ ਮਾਸਕੋ ਇਸ ਤਰ੍ਹਾਂ ਦੇ ਹਥਿਆਰ ਨੂੰ ਤੈਨਾਤ ਕਰਨ ਦਾ ਪ੍ਰਯੋਗ ਕਰਨ ਤੋਂ ਪਿੱਛੇ ਹਟ ਸਕਦਾ ਹੈ।
ਦੂਜੇ ਪਾਸੇ ਕੈਨੇਡਾ ਦੀ ਫ਼ੌਜ ਵਿਚ ਪੁਲਾੜ ਵਿਭਾਗ ਦੇ ਕਮਾਂਡਰ, ਬ੍ਰਿਗੇਡੀਅਰ ਜਨਰਲ ਕ੍ਰਿਸਟੋਫ਼ਰ ਹਾਰਨਰ ਨੇ ਕਿਹਾ ਕਿ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰੂਸ ਅਜਿਹਾ ਨਹੀਂ ਕਰੇਗਾ। ਖ਼ਾਸ ਤੌਰ ’ਤੇ ਉਦੋਂ ਤਕ ਜਦੋਂ ਅਮਰੀਕਾ ਦੋਸ਼ ਲਗਾ ਚੁਕਿਆ ਹੈ ਕਿ ਰੂਸ ਵੀ ਇਕ ਅੰਨ੍ਹੇਵਾਹ ਪ੍ਰਮਾਣੂ, ਪੁਲਾੜ ਅਧਾਰਤ ਹਥਿਆਰ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਬ ਨੇ ਟਿਪਣੀ ਲਈ ‘ਏ.ਪੀ.’ ਦੇ ਸੰਦੇਸ਼ਾਂ ਦਾ ਜਵਾਬ ਨਹੀਂ ਦਿਤਾ। ਰੂਸ ਪਹਿਲਾਂ ਸੰਯੁਕਤ ਰਾਸ਼ਟਰ ਨੂੰ ਪੁਲਾੜ ’ਚ ਪ੍ਰਮਾਣੂ ਹਥਿਆਰਾਂ ਦੀ ਤੈਨਾਤੀ ਰੋਕਣ ਦੀਆਂ ਕੋਸ਼ਿਸ਼ਾਂ ਦਾ ਸੱਦਾ ਦੇ ਚੁਕਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਮਾਸਕੋ ਦਾ ਪ੍ਰਮਾਣੂ ਪੁਲਾੜ ਹਥਿਆਰ ਤੈਨਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ। ਜਾਂਚ ਦੇ ਨਿਚੋੜ ਤੋਂ ਪਤਾ ਲਗਦਾ ਹੈ ਕਿ ਰੂਸ ਵਿਸ਼ੇਸ਼ ਰੂਪ ’ਚ ਸਟਾਰਲਿੰਕ ਨੂੰ ਇਕ ਗੰਭੀਰ ਖ਼ਤਰਾ ਮੰਨਦਾ ਹੈ। ਸਟਾਰਲਿੰਕ ਦੀ ‘ਉੱਚ-ਗਤੀ’ ਇੰਟਰਨੈੱਟ ਸੇਵਾ ਦਾ ਪ੍ਰਯੋਗ ਯੂਕਰੇਨੀ ਫ਼ੌਜ ਜੰਗੀ ਖੇਤਰ ਸੰਚਾਰ, ਹਥਿਆਰਾਂ ਨੂੰ ਨਿਸ਼ਾਨਾ ਬਣਾਉਣ ਅਤੇ ਹੋਰ ਕੰਮਾਂ ’ਚ ਕਰਦੀ ਹੈ।