ਇੰਡੋਨੇਸ਼ੀਆ ’ਚ ਵਾਪਰਿਆ ਭਿਆਨਕ ਬੱਸ ਹਾਦਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

16 ਲੋਕਾਂ ਦੀ ਮੌਤ, 18 ਲੋਕ ਗੰਭੀਰ ਜ਼ਖ਼ਮੀ

Terrible bus accident in Indonesia

ਜਾਵਾ : ਇੰਡੋਨੇਸ਼ੀਆ ਦੇ ਜਾਵਾ ਵਿਖੇ ਇਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆ ਰਹੀ ਐ, ਜਿਸ ਦੌਰਾਨ 16 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰੋਡ ’ਤੇ ਜਾ ਰਹੀ ਬੱਸ ਅਚਾਨਕ ਬੇਕਾਬੂ ਹੋ ਕੇ ਕੰਕਰੀਟ ਬੈਰੀਅਰ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ। ਹਾਦਸੇ ਦੌਰਾਨ ਬੱਸ ਵਿਚ 34 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ ਬਹੁਤ ਸਾਰੇ ਲੋਕ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਹੋ ਗਏ।

ਇੰਡੋਨੇਸ਼ੀਆ ਦੇ ਸਰਚ ਐਂਡ ਰੈਸਕਿਊ ਏਜੰਸੀ ਦੇ ਮੁਖੀ ਬੁਡੀਯੋਨੋ ਨੇ ਦੱਸਿਆ ਕਿ ਬੱਸ ਰਾਜਧਾਨੀ ਜਕਾਰਤਾ ਤੋਂ ਦੇਸ਼ ਦੇ ਯੋਗਯਕਾਰਤਾ ਵਿਖੇ ਜਾ ਰਹੀ ਸੀ ਕਿ ਇਸੇ ਦੌਰਾਨ ਸੇਮਾਰੰਗ ਸ਼ਹਿਰ ਦੇ ਨੇੜੇ ਇਕ ਐਗਜ਼ਿਟ ਟੋਲ ਕੋਲ ਇਹ ਬੱਸ ਪਲਟ ਗਈ। ਬੁਡੀਯੋਨੋ ਨੇ ਦੱਸਿਆ ਕਿ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਨੂੰ ਤੁਰੰਤ ਇਲਾਜ ਲਈ ਸੇਮਾਰੰਗ ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ। ਉਨ੍ਹਾਂ ਮੁਤਾਬਕ ਇਹ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਵਿਚ ਬੈਠੇ ਕਈ ਲੋਕ ਉਛਲ ਕੇ ਬਾਹਰ ਜਾ ਡਿੱਗੇ, ਜਦਕਿ ਕਈ ਲੋਕ ਅੰਦਰ ਬੁਰੀ ਤਰ੍ਹਾਂ ਫਸ ਗਏ। ਹਾਦਸੇ ਦਾ ਪਤਾ ਚਲਦਿਆਂ ਹੀ ਪੁਲਿਸ ਅਤੇ ਹੋਰ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ, ਜਿਨ੍ਹਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਲਾਸ਼ਾਂ ਬਾਹਰ ਕੱਢੀਆਂ। ਬੁਡੀਯੋਨੋ ਦੇ ਮੁਤਾਬਕ ਹਸਪਤਾਲ ਲਿਜਾਂਦੇ ਸਮੇਂ ਅਤੇ ਇਲਾਜ ਦੌਰਾਨ ਕਰੀਬ 10 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਦੇ ਮੁਤਾਬਕ ਨੇੜੇ ਦੇ ਹਸਪਤਾਲਾਂ ਵਿਚ ਕਰੀਬ 18 ਲੋਕਾਂ ਦਾ ਇਲਾਜ ਚੱਲ ਰਿਹੈ, ਜਿਸ ਵਿਚੋਂ ਪੰਜ ਦੀ ਹਾਲਤ ਗੰਭੀਰ ਐ। 
ਦੱਸ ਦਈਏ ਕਿ ਹਾਲੇ ਦੋ ਹਫ਼ਤੇ ਪਹਿਲਾਂ ਹੀ ਦੇਸ਼ ਦੇ ਜਕਾਰਤਾ ਵਿਖੇ ਇਕ ਦਫ਼ਤਰੀ ਇਮਾਰਤ ਵਿਚ ਅੱਗ ਲੱਗਣ ਦੀ ਘਟਨਾ ਵਾਪਰੀ ਸੀ, ਜਿਸ ਵਿਚ 22 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਪਿਛਲੇ ਸਾਲ 2024 ਵਿਚ ਈਦ ਉਲ ਫਿਤਰ ਮਨਾਉਣ ਜਾ ਰਹੇ ਯਾਤਰੀਆਂ ਦੀ ਇਕ ਬੱਸ ਹਾਦਸਾਗ੍ਰਸਤ ਹੋ ਗਈ ਸੀ, ਜਿਸ ਦੌਰਾਨ 12 ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ 2019 ਵਿਚ ਵੀ ਇਕ ਬੱਸ ਹਾਦਸੇ ਦੌਰਾਨ 35 ਲੋਕਾਂ ਦੀ ਮੌਤ ਹੋ ਗਈ ਸੀ।