ਭਾਰਤੀ ਨਾਗਰਿਕਾਂ ਨੂੰ ਲਿਜਾ ਰਹੇ ਦੋ ਜਹਾਜ਼ਾਂ 'ਚ ਲੱਗੀ ਅੱਗ, 14 ਮਰੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੂਸ ਤੋਂ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਕੇਰਚ ਸਟ੍ਰੇਟ 'ਚ ਦੋ ਜਹਾਜ਼ਾਂ 'ਚ ਅੱਗ ਲੱਗ ਗਈ.......

Fire in Ship

ਮਾਸਕੋ : ਰੂਸ ਤੋਂ ਕ੍ਰੀਮੀਆ ਨੂੰ ਵੱਖ ਕਰਨ ਵਾਲੇ ਕੇਰਚ ਸਟ੍ਰੇਟ 'ਚ ਦੋ ਜਹਾਜ਼ਾਂ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਘੱਟ ਤੋਂ ਘੱਟ 14 ਲੋਕਾਂ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਜਹਾਜ਼ਾਂ ਦੇ ਕਰੂ ਮੈਂਬਰਾਂ 'ਚ ਭਾਰਤ, ਤੁਰਕੀ ਅਤੇ ਲੀਬੀਆ ਦੇ ਨਾਗਰਿਕ ਵੀ ਸ਼ਾਮਲ ਸਨ। ਮੰਗਲਵਾਰ ਨੂੰ ਮੀਡੀਆ 'ਚ ਆਈ ਖ਼ਬਰਾਂ ਨਾਲ ਇਹ ਜਾਣਕਾਰੀ ਮਿਲੀ ਹੈ। ਇਹ ਅੱਗ ਰੂਸੀ ਸਰਹੱਦ ਦੇ ਜਲ ਖੇਤਰ ਕੋਲ ਸੋਮਵਾਰ ਨੂੰ ਲੱਗੀ। ਦੋਹਾਂ ਜਹਾਜ਼ਾਂ 'ਤੇ ਤੰਜਾਨੀਆ ਦੇ ਝੰਡੇ ਲੱਗੇ ਹੋਏ ਸਨ। ਇਨ੍ਹਾਂ 'ਚ ਇਕ ਕੁਦਰਤੀ ਗੈਸ ਲੈ ਜਾ ਰਿਹਾ ਸੀ, ਜਦ ਕਿ ਦੂਜਾ ਤੇਲ ਟੈਂਕਰ ਸੀ। ਇਹ ਅੱਗ ਤਦ ਲੱਗੀ ਜਦ ਦੋਹਾਂ ਜਹਾਜ਼ਾਂ 'ਚੋਂ ਤੇਲ ਟਰਾਂਸਫਰ ਕੀਤਾ ਜਾ ਰਿਹਾ ਸੀ।

ਸਮੁੰਦਰੀ ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ 'ਚੋਂ ਇਕ ਜਹਾਜ਼ 'ਚ ਕਰੂ ਦਲ ਦੇ 17 ਮੈਂਬਰ ਮੌਜੂਦ ਸਨ, ਜਿਨ੍ਹਾਂ 'ਚ 9 ਤੁਰਕੀ ਦੇ ਨਾਗਰਿਕਾਂ ਅਤੇ 8 ਭਾਰਤੀ ਨਾਗਰਿਕ ਸਨ। ਦੂਜੇ ਜਹਾਜ਼ 'ਚ 7 ਤੁਰਕੀ, 7 ਭਾਰਤੀ ਅਤੇ ਲੀਬੀਆ ਦੇ ਇਕ ਨਾਗਰਿਕ ਸਮੇਤ 15 ਕਰੂ ਮੈਂਬਰ ਸਵਾਰ ਸਨ। ਉੱਥੇ ਹੀ ਰੂਸੀ ਸਮੁੰਦਰ ਏਜੰਸੀ ਦੇ ਹਵਾਲੇ ਤੋਂ ਦਸਿਆ ਗਿਆ ਕਿ ਘੱਟ ਤੋਂ ਘੱਟ 14 ਕਰੂ ਮੈਂਬਰਾਂ ਦੀ ਮੌਤ ਹੋ ਗਈ ਹੈ। 

ਕਿਹਾ ਜਾ ਰਿਹਾ ਹੈ ਕਿ ਜਹਾਜ਼ 'ਚ ਧਮਾਕਾ ਹੋਇਆ ਅਤੇ ਫਿਰ ਇਹ ਅੱਗ ਦੂਜੇ ਜਹਾਜ਼ ਤਕ ਪੁੱਜ ਗਈ। ਬਚਾਅ ਕਿਸ਼ਤੀਆਂ ਘਟਨਾ ਵਾਲੇ ਸਥਾਨ 'ਤੇ ਪੁੱਜ ਗਈਆਂ ਹਨ ਅਤੇ ਬਚਾਅ ਕਾਰਜ ਜਾਰੀ ਹੈ। ਬੁਲਾਰੇ ਨੇ ਦੱਸਿਆ ਕਿ ਹੁਣ ਤਕ 12 ਵਿਅਕਤੀਆਂ ਨੂੰ ਸਮੁੰਦਰ 'ਚੋਂ ਕੱਢਿਆ ਜਾ ਚੁੱਕਾ ਹੈ। ਉੱਥੇ ਹੀ 9 ਮੈਂਬਰ ਅਜੇ ਵੀ ਲਾਪਤਾ ਹਨ। ਮੌਸਮ ਦੀਆਂ ਮੁਸ਼ਕਲ ਸਥਿਤੀਆਂ ਕਾਰਨ ਬਚਾਅ ਕਿਸ਼ਤੀਆਂ ਪੀੜਤਾਂ ਨੂੰ ਇਲਾਜ ਲਈ ਤਟ ਤਕ ਨਹੀਂ ਲੈ ਜਾ ਸਕੀਆਂ। (ਪੀਟੀਆਈ)