ਵੈਕਸੀਨ ਦੀ ਖੇਪ ਮਿਲਣ ‘ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਕੀਤਾ ਧੰਨਵਾਦ, PM ਮੋਦੀ ਨੇ ਇੰਝ ਦਿੱਤਾ ਜਵਾਬ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿਹਤ ਦੇ ਖੇਤਰ ਵਿਚ ਅਪਣਾ ਸਹਿਯੋਗ ਅੱਗੇ ਵੀ ਮਜਬੂਤ ਕਰਾਂਗੇ-ਪੀਐਮ ਮੋਦੀ

Brazil President Bolsonaro thanks PM Modi for COVID-19 Vaccine

ਨਵੀਂ ਦਿੱਲੀ: ਬ੍ਰਾਜ਼ੀਲ ਲਈ ਭਾਰਤ ਦੀ ਕੋਰੋਨਾ ਵੈਕਸੀਨ ਦੀ ਪਹਿਲੀ ਖੇਪ ਪਹੁੰਚ ਚੁੱਕੀ ਹੈ। ਇਸ ਮੌਕੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਯਰ ਬੋਲਸੋਨਾਰੋ ਨੇ ਭਾਰਤ ਦਾ ਧੰਨਵਾਦ ਕੀਤਾ। ਇਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਲਈ ਟਵੀਟ ਕੀਤਾ।

ਰਾਸ਼ਟਰਪਤੀ ਬੋਲਸੋਨਾਰੋ ਨੇ ਲਿਖਿਆ, ‘ਨਮਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਇਕ ਗਲੋਬਲ ਸਮੱਸਿਆ ਨਾਲ ਨਜਿੱਠਣ ਵਿਚ ਇਕ ਵਧੀਆ ਭਾਈਵਾਲ ਹੋਣ ‘ਤੇ ਬ੍ਰਾਜ਼ੀਲ ਨੂੰ ਮਾਣ ਹੈ। ਭਾਰਤ ਤੋਂ ਬ੍ਰਾਜ਼ੀਲ ਲਈ ਵੈਕਸੀਨ ਭੇਜ ਕੇ ਮਦਦ ਕਰਨ ਲਈ ਧੰਨਵਾਦ’। ਰਾਸ਼ਟਰਪਤੀ ਬੋਲਸੋਨਾਰੋ ਨੇ ਅਪਣੇ ਟਵੀਟ ਨਾਲ ਹਨੂੰਮਾਨ ਦੀ ਇਕ ਫੋਟੋ ਵੀ ਪੋਸਟ ਕੀਤੀ।

ਇਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ। ਪੀਐਮ ਮੋਦੀ ਨੇ ਲਿਖਿਆ, ‘ਰਾਸ਼ਟਰਪਤੀ ਬੋਲਸੋਨਾਰੋ ਬ੍ਰਾਜ਼ੀਲ ਦਾ ਇਕ ਭਰੋਸੇਮੰਦ ਸਾਥੀ ਬਣਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ ਸਿਹਤ ਦੇ ਖੇਤਰ ਵਿਚ ਅਪਣਾ ਸਹਿਯੋਗ ਅੱਗੇ ਵੀ ਮਜਬੂਤ ਕਰਦੇ ਰਹਾਂਗੇ’।

ਜ਼ਿਕਰਯੋਗ ਹੈ ਕਿ ਬ੍ਰਾਜ਼ੀਲ, ਅਮਰੀਕਾ ਅਤੇ ਭਾਰਤ ਤੋਂ ਬਾਅਦ ਕੋਵਿਡ-19 ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚੋਂ ਇਕ ਰਿਹਾ ਹੈ। ਹੁਣ ਤੱਕ ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦੇ 87,55,133 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 2,15,299 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਿਲਹਾਲ ਬ੍ਰਾਜ਼ੀਲ ਵਿਚ 9,45,063 ਐਕਟਿਵ ਮਾਮਲੇ ਹਨ।