ਯਮਨ ’ਚ ਕਈ ਹੂਤੀ ਟਿਕਾਣਿਆਂ ’ਤੇ ਅਮਰੀਕਾ ਤੇ ਬਰਤਾਨਵੀ ਫੌਜਾਂ ਨੇ ਕੀਤਾ ਹਮਲਾ
ਇਕ ਸੀਨੀਅਰ ਅਮਰੀਕੀ ਫੌਜੀ ਅਧਿਕਾਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਹਮਲੇ ਵਿਚ 25 ਤੋਂ 30 ਬੰਬ ਸੁੱਟੇ ਗਏ ਅਤੇ ਹਰ ਬੰਬ ਨੇ ਕਈ ਨਿਸ਼ਾਨਿਆਂ ਨੂੰ ਵਿਨ੍ਹਿਆ।
ਵਾਸ਼ਿੰਗਟਨ : ਅਮਰੀਕੀ ਅਤੇ ਬਰਤਾਨਵੀ ਫੌਜਾਂ ਨੇ ਸੋਮਵਾਰ ਰਾਤ ਨੂੰ ਯਮਨ ਵਿਚ ਈਰਾਨ ਸਮਰਥਿਤ ਹੂਤੀ ਵਿਦਰੋਹੀਆਂ ਵਲੋਂ ਵਰਤੇ ਜਾਂਦੇ ਅੱਠ ਟਿਕਾਣਿਆਂ ’ਚੋਂ ਕਈ ਟਿਕਾਣਿਆਂ ’ਤੇ ਬੰਬਾਰੀ ਕੀਤੀ। ਇਹ ਦੂਜੀ ਵਾਰ ਹੈ ਜਦੋਂ ਦੋਹਾਂ ਸਹਿਯੋਗੀਆਂ ਨੇ ਵਿਦਰੋਹੀਆਂ ਦੀ ਮਿਜ਼ਾਈਲ ਲਾਂਚ ਸਮਰੱਥਾ ਦਾ ਜਵਾਬ ਦਿਤਾ ਹੈ।
ਅਧਿਕਾਰੀਆਂ ਮੁਤਾਬਕ ਅਮਰੀਕਾ ਅਤੇ ਬਰਤਾਨੀਆਂ ਨੇ ਹੂਤੀ ਦੇ ਮਿਜ਼ਾਈਲ ਡਿਪੂਆਂ, ਡਰੋਨਾਂ ਅਤੇ ਲਾਂਚਰਾਂ ਨੂੰ ਤਬਾਹ ਕਰਨ ਲਈ ਜੰਗੀ ਜਹਾਜ਼ ਅਤੇ ਪਣਡੁੱਬੀ ਤੋਂ ਲਾਂਚ ਕੀਤੀਆਂ ਜਾਣ ਵਾਲੀਆਂ ਟੋਮਹਾਕ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ। ਅਧਿਕਾਰੀਆਂ ਨੇ ਅਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦਸਿਆ ਕਿ ਆਸਟਰੇਲੀਆ, ਬਹਿਰੀਨ, ਕੈਨੇਡਾ ਅਤੇ ਨੀਦਰਲੈਂਡ ਜ਼ਰੀਏ ਖੁਫੀਆ ਜਾਣਕਾਰੀ ਅਤੇ ਨਿਗਰਾਨੀ ਸਹਾਇਤਾ ਪ੍ਰਦਾਨ ਕੀਤੀ ਗਈ ਸੀ।
ਇਕ ਸਾਂਝੇ ਬਿਆਨ ਵਿਚ ਛੇ ਸਹਿਯੋਗੀਆਂ ਨੇ ਕਿਹਾ ਕਿ ਹਮਲਿਆਂ ਵਿਚ ਹੂਤੀ ਭੂਮੀਗਤ ਭੰਡਾਰਨ ਸਥਾਨਾਂ ਅਤੇ ਹੂਤੀ ਦੀ ਮਿਜ਼ਾਈਲ ਅਤੇ ਹਵਾਈ ਨਿਗਰਾਨੀ ਸਮਰੱਥਾ ਨਾਲ ਜੁੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ, ‘‘ਸਾਡਾ ਉਦੇਸ਼ ਤਣਾਅ ਘਟਾਉਣਾ ਅਤੇ ਲਾਲ ਸਾਗਰ ਵਿਚ ਸਥਿਰਤਾ ਬਹਾਲ ਕਰਨਾ ਹੈ ਪਰ ਅਸੀਂ ਹੂਤੀ ਨੂੰ ਅਪਣੀ ਚੇਤਾਵਨੀ ਦੁਹਰਾਉਂਦੇ ਹਾਂ ਕਿ ਅਸੀਂ ਲਗਾਤਾਰ ਖਤਰਿਆਂ ਦੇ ਬਾਵਜੂਦ ਦੁਨੀਆਂ ਦੇ ਸੱਭ ਤੋਂ ਮਹੱਤਵਪੂਰਨ ਜਲ ਮਾਰਗਾਂ ਵਿਚੋਂ ਇਕ ਲਾਲ ਸਾਗਰ ਵਿਚ ਲੋਕਾਂ ਦੀ ਜਾਨ ਅਤੇ ਬਿਨਾਂ ਕਿਸੇ ਰੁਕਾਵਟ ਦੇ ਵਪਾਰ ਦੀ ਰੱਖਿਆ ਕਰਨ ਤੋਂ ਪਿੱਛੇ ਨਹੀਂ ਹਟਾਂਗੇ।’’
ਬਰਤਾਨੀਆਂ ਦੇ ਰੱਖਿਆ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਰਾਇਲ ਏਅਰ ਫੋਰਸ ਦੇ ਚਾਰ ਜਹਾਜ਼ਾਂ ਨੇ ਸਨਾ ਏਅਰਫੀਲਡ ਦੇ ਖੇਤਰ ਵਿਚ ਦੋ ਫੌਜੀ ਟਿਕਾਣਿਆਂ ’ਤੇ ਕਈ ਨਿਸ਼ਾਨੇ ਬਣਾਏ। ਰਖਿਆ ਮੰਤਰੀ ਗ੍ਰਾਂਟ ਸ਼ੈਪਸ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦਾ ਮਕਸਦ ਹੂਤੀ ਦੀ ਸਮਰੱਥਾ ਨੂੰ ਘਟਾਉਣਾ ਹੈ। ਇਕ ਸੀਨੀਅਰ ਅਮਰੀਕੀ ਫੌਜੀ ਅਧਿਕਾਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਹਮਲੇ ਵਿਚ 25 ਤੋਂ 30 ਬੰਬ ਸੁੱਟੇ ਗਏ ਅਤੇ ਹਰ ਬੰਬ ਨੇ ਕਈ ਨਿਸ਼ਾਨਿਆਂ ਨੂੰ ਵਿਨ੍ਹਿਆ।
ਉਨ੍ਹਾਂ ਕਿਹਾ, ‘‘ਇਹ ਪਹਿਲੀ ਵਾਰ ਹੈ ਜਦੋਂ ਅਜਿਹੇ ਆਧੁਨਿਕ ਹਥਿਆਰਾਂ ਨੂੰ ਨਸ਼ਟ ਕੀਤਾ ਗਿਆ ਹੈ। ਅਮਰੀਕਾ ਅਤੇ ਬਰਤਾਨੀਆਂ ਦੇ ਜੰਗੀ ਜਹਾਜ਼ਾਂ ਅਤੇ ਲੜਾਕੂ ਜਹਾਜ਼ਾਂ ਨੇ 28 ਥਾਵਾਂ ’ਤੇ 60 ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਹ ਹਮਲਾ ਹੁਤੀ ਦੇ ਵਪਾਰਕ ਜਹਾਜ਼ਾਂ ’ਤੇ ਲਗਾਤਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ ਕੀਤਾ ਗਿਆ ਸੀ।’’
ਅਕਤੂਬਰ ਵਿਚ ਇਜ਼ਰਾਈਲ-ਹਮਾਸ ਜੰਗ ਸ਼ੁਰੂ ਹੋਣ ਤੋਂ ਬਾਅਦ ਹੂਤੀ ਨੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿਤਾ ਹੈ। ਹੂਤੀ ਮੀਡੀਆ ਦਫਤਰ ਨੇ ਸੋਮਵਾਰ ਨੂੰ ਇਕ ਆਨਲਾਈਨ ਬਿਆਨ ਵਿਚ ਕਿਹਾ ਕਿ ਯਮਨ ਦੀ ਰਾਜਧਾਨੀ ਸਨਾ ਵਿਚ ਹਮਲੇ ਕੀਤੇ ਗਏ। ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਸੋਮਵਾਰ ਸਵੇਰੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਫੋਨ ’ਤੇ ਗੱਲ ਕੀਤੀ। ਸੁਨਕ ਦੇ ਦਫਤਰ ਨੇ ਕਿਹਾ ਕਿ ਦੋਵੇਂ ਨੇਤਾ ਹੁਤੀ ਦੀ ਸਮਰੱਥਾ ਨੂੰ ਘਟਾਉਣ ਲਈ ਜ਼ਰੂਰੀ ਫੌਜੀ ਕਾਰਵਾਈ ਕਰਨ ’ਤੇ ਸਹਿਮਤ ਹੋਏ।