ਪਾਕਿ ਨੂੰ ਕਰਾਰਾ ਝਟਕਾ: ਐੱਫ਼.ਏ.ਟੀ.ਐੱਫ਼. ਦੀ 'ਗ੍ਰੇ ਲਿਸਟ' 'ਚ ਰਹੇਗਾ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੈਰਿਸ ਵਿਚ ਸ਼ੁਕਰਵਾਰ ਨੂੰ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਹੋਈ ਬੈਠਕ ਵਿਚ ਲਏ ਫੈਸਲੇ ਨਾਲ ਪਾਕਿਸਤਾਨ ਨੂੰ ਇਕ ਹੋਰ ਝਟਕਾ ਲੱਗਾ ਹੈ........

Pakistan Flag

ਪੈਰਿਸ  : ਪੈਰਿਸ ਵਿਚ ਸ਼ੁਕਰਵਾਰ ਨੂੰ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਦੀ ਹੋਈ ਬੈਠਕ ਵਿਚ ਲਏ ਫੈਸਲੇ ਨਾਲ ਪਾਕਿਸਤਾਨ ਨੂੰ ਇਕ ਹੋਰ ਝਟਕਾ ਲੱਗਾ ਹੈ। ਅੰਤਰਰਾਸ਼ਟਰੀ ਸੰਸਥਾ ਵਿੱਤੀ ਕਾਰਵਾਈ ਟਾਸਕ ਫੋਰਸ ਨੇ ਕਿਹਾ ਕਿ ਅਤਿਵਾਦ ਦੇ ਵਿੱਤਪੋਸ਼ਣ 'ਤੇ ਰੋਕ ਲਗਾਉਣ ਸਬੰਧੀ ਪਾਕਿਸਤਾਨ ਦੀ ਕਾਰਵਾਈ ਦੀ ਗਤੀ ਸੀਮਤ ਹੈ। ਇਸੇ ਕਾਰਨ ਉਸ ਨੂੰ ਅਕਤੂਬਰ ਤੱਕ 'ਗ੍ਰੇ ਲਿਸਟ' ਵਿਚ ਹੀ ਰਖਿਆ ਜਾਵੇਗਾ। ਇਸ ਫੈਸਲੇ ਦੇ ਬਾਅਦ ਪਾਕਿਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਇਹ ਦਾਅ ਅਸਫਲ ਹੋ ਗਿਆ, ਜਿਸ ਵਿਚ ਹਾਫਿਜ਼ ਸਈਦ ਦੇ ਜਮਾਤ-ਉਦ-ਦਾਅਵਾ 'ਤੇ ਪਾਬੰਦੀ ਲਗਾ ਕੇ

ਪਾਕਿਸਤਾਨ ਨੂੰ ਗ੍ਰੇ ਲਿਸਟ ਵਿਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਵਾਮਾ ਹਮਲੇ ਦੇ ਬਾਅਦ ਐੱਫ.ਏ.ਟੀ.ਐੱਫ. ਦੇ ਇਸ ਬਿਆਨ ਨੂੰ ਭਾਰਤ ਦੀ ਇਕ ਹੋਰ ਜਿੱਤ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਭਾਰਤੀ ਏਜੰਸੀਆਂ ਨੇ ਐੱਫ.ਏ.ਟੀ.ਐੱਫ. ਨੂੰ ਅਪੀਲ ਕੀਤੀ ਸੀ ਕਿ ਪਾਕਿਸਤਾਨ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਾ ਦਿਤੀ ਜਾਵੇ। ਐੱਫ.ਏ.ਟੀ.ਐੱਫ. ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਜਨਵਰੀ 2019 ਤੱਕ ਦੀ ਮਿਆਦ ਵਿਚ ਕਾਰਵਾਈ ਵਿਚ ਸੀਮਤ ਤਰੱਕੀ ਕਾਰਨ ਪਾਕਿਸਤਾਨ ਨੂੰ ਅਪੀਲ ਹੈ ਕਿ ਉਹ ਅਤਿਵਾਦ ਵਿਰੁਧ ਕਾਰਵਾਈ ਯੋਜਨਾ ਨੂੰ ਜਲਦੀ ਪੂਰਾ ਕਰੇ। ਐੱਫ.ਏ.ਟੀ.ਐੱਫ. ਨੇ ਇਸ ਲਈ ਮਈ 2019 ਦੀ ਸਮੇਂ ਸੀਮਾ ਤੈਅ ਕੀਤੀ ਹੈ।

ਅਪਣੇ ਬਿਆਨ ਵਿਚ ਐੱਫ.ਏ.ਟੀ.ਐੱਫ. ਨੇ ਸਮੇਂ ਸੀਮਾ ਦੀ ਪਾਲਨਾ ਕਰਨ ਅਤੇ ਦੁਬਾਰਾ ਗਲਤੀ ਨਾ ਕਰਨ ਦੀ ਹਿਦਾਇਤ ਦਿੰਦਿਆਂ ਕਿਹਾ ਕਿ ਇਸੇ ਸਾਲ ਜੂਨ ਅਤੇ ਅਕਤੂਬਰ ਵਿਚ ਦੁਬਾਰਾ ਇਸ ਦੀ ਸਮੀਖਿਆ ਕੀਤੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਪਾਕਿਸਤਾਨ ਨੂੰ ਈਰਾਨ ਅਤੇ ਉੱਤਰੀ ਕੋਰੀਆ ਦੀ ਤਰ੍ਹਾਂ 'ਬਲੈਕ ਲਿਸਟ' ਵਿਚ ਪਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਲੈਕ ਲਿਸਟ ਵਿਚ ਪਏ ਰਹਿਣ ਕਾਰਨ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਪਾਕਿਤਾਨ ਨੂੰ ਹੋਰ ਜ਼ਿਆਦਾ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ। (ਏਜੰਸੀਆਂ)