ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

70 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ

Rehman Malik

 

ਇਸਲਾਮਾਬਾਦ: ਪਾਕਿਸਤਾਨ ਦੇ ਸੀਨੀਅਰ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਦਾ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਉਨ੍ਹਾਂ ਨੇ 70 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਉਹ ਕੋਰੋਨਾ ਤੋਂ ਪੀੜਤ ਸਨ ਤੇ ਉਨ੍ਹਾਂ ਦਾ ਇਸਲਾਮਾਬਾਦ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।

 

ਪਾਕਿਸਤਾਨ ਦੀ ਸਥਾਨਕ ਮੀਡੀਆ ਰਿਪੋਰਟ ਮੁਤਾਬਕ ਰਹਿਮਾਨ ਮਲਿਕ ਦੇ ਬੁਲਾਰੇ ਰਿਆਜ਼ ਅਹਿਮਦ ਤੁਰੀ ਦਾ ਕਹਿਣਾ ਹੈ ਕਿ ਵਾਇਰਸ ਕਾਰਨ ਉਨ੍ਹਾਂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਵੱਧ ਗਈ ਸੀ।

ਦੱਸ ਦੇਈਏ ਕਿ ਰਹਿਮਾਨ ਮਲਿਕ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। 1 ਫਰਵਰੀ ਨੂੰ ਪੀਪੀਪੀ ਸੈਨੇਟਰ ਸਹਿਰ ਕਾਮਰਾਨ ਨੇ ਟਵਿੱਟਰ 'ਤੇ ਦੱਸਿਆ ਸੀ ਕਿ ਮਲਿਕ ਦੀ ਤਬੀਅਤ ਵਿਗੜ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ।

ਕਰਾਚੀ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਵਾਲੇ ਮਲਿਕ ਨੇ 2008 ਤੋਂ 2013 ਤੱਕ ਦੇਸ਼ ਦੇ ਗ੍ਰਹਿ ਮੰਤਰੀ ਵਜੋਂ ਸੇਵਾ ਨਿਭਾਈ। ਉਹ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਨਜ਼ਦੀਕੀ ਸਾਥੀਆਂ ਵਿੱਚੋਂ ਇੱਕ ਸਨ।