ਤਾਲਿਬਾਨ ਵਲੋਂ ਪਾਬੰਦੀ ਹਟਾਏ ਜਾਣ ਤੋਂ ਬਾਅਦ ਅਫਗਾਨ ਮਹਿਲਾ ਰੇਡੀਓ ਸਟੇਸ਼ਨ ਦਾ ਪ੍ਰਸਾਰਣ ਮੁੜ ਸ਼ੁਰੂ ਹੋਵੇਗਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸਟੇਸ਼ਨ ’ਤੇ ਪ੍ਰਸਾਰਿਤ ਸਮੱਗਰੀ ਅਫਗਾਨ ਔਰਤਾਂ ਵਲੋਂ ਤਿਆਰ ਕੀਤੀ ਜਾਂਦੀ ਹੈ

Afghan women's radio station to resume broadcasting after Taliban ban lifted

ਕਾਬੁਲ : ਤਾਲਿਬਾਨ ਸ਼ਾਸਨ ਵਲੋਂ ਲਗਾਈ ਗਈ ਪਾਬੰਦੀ ਹਟਾਏ ਜਾਣ ਮਗਰੋਂ ਅਫਗਾਨਿਸਤਾਨ ’ਚ ਇਕ ਮਹਿਲਾ ਰੇਡੀਓ ਸਟੇਸ਼ਨ ਦਾ ਪ੍ਰਸਾਰਣ ਮੁੜ ਸ਼ੁਰੂ ਹੋਵੇਗਾ। ਤਾਲਿਬਾਨ ਨੇ ਲਾਇਸੈਂਸਾਂ ਦੀ ਗਲਤ ਵਰਤੋਂ ਦਾ ਹਵਾਲਾ ਦਿੰਦੇ ਹੋਏ ਸਟੇਸ਼ਨ ’ਤੇ ਕੰਮਕਾਜ ਮੁਅੱਤਲ ਕਰ ਦਿਤਾ ਸੀ। ‘ਰੇਡੀਓ ਬੇਗਮ’ ਨੂੰ ਮਾਰਚ 2021 ’ਚ ਕੌਮਾਂਤਰੀ ਮਹਿਲਾ ਦਿਵਸ ’ਤੇ ਲਾਂਚ ਕੀਤਾ ਗਿਆ ਸੀ। ਪੰਜ ਮਹੀਨੇ ਬਾਅਦ, ਤਾਲਿਬਾਨ ਨੇ ਅਮਰੀਕਾ ਅਤੇ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਦੇ ਫ਼ੌਜੀਆਂ ਦੀ ਵਾਪਸੀ ਦੇ ਵਿਚਕਾਰ ਸੱਤਾ ’ਤੇ ਮੁੜ ਕਬਜ਼ਾ ਕਰ ਲਿਆ। 

ਸਟੇਸ਼ਨ ’ਤੇ ਪ੍ਰਸਾਰਿਤ ਸਮੱਗਰੀ ਅਫਗਾਨ ਔਰਤਾਂ ਵਲੋਂ ਤਿਆਰ ਕੀਤੀ ਜਾਂਦੀ ਹੈ। ਇਸ ਦਾ ਸਹਿਯੋਗੀ ਸੈਟੇਲਾਈਟ ਚੈਨਲ ਬੇਗਮ ਟੀ.ਵੀ. ਫਰਾਂਸ ਤੋਂ ਕੰਮ ਕਰਦਾ ਹੈ ਅਤੇ 7ਵੀਂ ਤੋਂ 12ਵੀਂ ਜਮਾਤ ਤਕ ਅਫਗਾਨ ਸਕੂਲ ਦੇ ਪਾਠਕ੍ਰਮ ਨੂੰ ਕਵਰ ਕਰਨ ਵਾਲੇ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ। ਤਾਲਿਬਾਨ ਨੇ ਦੇਸ਼ ਵਿਚ ਛੇਵੀਂ ਜਮਾਤ ਤੋਂ ਬਾਅਦ ਔਰਤਾਂ ਅਤੇ ਲੜਕੀਆਂ ਦੀ ਸਿੱਖਿਆ ’ਤੇ ਪਾਬੰਦੀ ਲਗਾ ਦਿਤੀ ਹੈ। 

ਤਾਲਿਬਾਨ ਦੇ ਸੂਚਨਾ ਅਤੇ ਸਭਿਆਚਾਰ ਮੰਤਰਾਲੇ ਨੇ ਸਨਿਚਰਵਾਰ ਰਾਤ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ ਰੇਡੀਓ ਬੇਗਮ ਨੇ ਕੰਮਕਾਜ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਲਈ ਕਈ ਬੇਨਤੀਆਂ ਕੀਤੀਆਂ ਸਨ ਅਤੇ ਸਟੇਸ਼ਨ ਵਲੋਂ ਅਧਿਕਾਰੀਆਂ ਨਾਲ ਵਾਅਦਾ ਕਰਨ ਤੋਂ ਬਾਅਦ ਮੁਅੱਤਲੀ ਹਟਾ ਦਿਤੀ ਗਈ। 

ਇਸ ਵਿਚ ਕਿਹਾ ਗਿਆ ਹੈ ਕਿ ਸਟੇਸ਼ਨ ਨੇ ਪੱਤਰਕਾਰੀ ਦੇ ਸਿਧਾਂਤਾਂ ਅਤੇ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਦੇ ਨਿਯਮਾਂ ਦੇ ਅਨੁਸਾਰ ਪ੍ਰਸਾਰਣ ਕਰਨ ਅਤੇ ਭਵਿੱਖ ਵਿਚ ਕੋਈ ਉਲੰਘਣਾ ਨਾ ਕਰਨ ਦਾ ਵਾਅਦਾ ਕੀਤਾ ਹੈ। ਮੰਤਰਾਲੇ ਨੇ ਇਹ ਨਹੀਂ ਦਸਿਆ ਕਿ ਇਹ ਸਿਧਾਂਤ ਅਤੇ ਨਿਯਮ ਕੀ ਹਨ। ਰੇਡੀਓ ਬੇਗਮ ਨਾਲ ਟਿਪਣੀਆਂ ਲਈ ਸੰਪਰਕ ਨਹੀਂ ਹੋ ਸਕਿਆ।