ਫ਼ਰਾਂਸ ’ਚ ਚਾਕੂ ਨਾਲ ਹਮਲਾ, ਇਕ ਦੀ ਮੌਤ ਤੇ 5 ਪੁਲਿਸ ਮੁਲਾਜ਼ਮ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੁਰੱਖਿਆ ਏਜੰਸੀਆਂ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੇ ਨਿਰਦੇਸ਼ ਦਿਤੇ 

Knife attack in France, one dead, 5 police officers injured

ਪੈਰਿਸ : ਫ਼ਰਾਂਸ ਦੇ ਪੂਰਬੀ ਸ਼ਹਿਰ ਮੁਲਹਾਊਸ ਵਿਚ ਚਾਕੂ ਨਾਲ ਕੀਤੇ ਗਏ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਹਮਲੇ ਵਿਚ 2 ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ। ਇਸ ਹਮਲੇ ਵਿਚ ਤਿੰਨ ਹੋਰ ਪੁਲਿਸ ਮੁਲਾਜ਼ਮ ਵੀ ਮਾਮੂਲੀ ਜ਼ਖ਼ਮੀ ਹੋਏ ਹਨ। ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫ਼ਰਾਂਸ ਦੀ ਨੈਸ਼ਨਲ ਐਂਟੀ ਟੈਰੋਰਿਜ਼ਮ ਯੂਨਿਟ ਮਾਮਲੇ ਦੀ ਜਾਂਚ ਕਰ ਰਹੀ ਹੈ। ]

ਦੂਜੇ ਪਾਸੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਨੂੰ ਇਸਲਾਮਿਕ ਅਤਿਵਾਦ ਦਸਿਆ ਹੈ। ਸਥਾਨਕ ਸਰਕਾਰੀ ਵਕੀਲ ਨਿਕੋਲਸ ਹੇਟਜ਼ ਨੇ ਕਿਹਾ ਕਿ 37 ਸਾਲਾ ਹਮਲਾਵਰ ਅਤਿਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਬਣਾਈ ਗਈ  ਵਾਚ ਲਿਸਟ ’ਚ ਸ਼ਾਮਲ ਸੀ। ਇਹ ਸੂਚੀ 2015 ਵਿਚ ਚਾਰਲੀ ਹੇਬਡੋ ਅਤੇ ਯਹੂਦੀ ਸੁਪਰ ਮਾਰਕੀਟ ’ਤੇ ਹੋਏ ਹਮਲਿਆਂ ਤੋਂ ਬਾਅਦ ਬਣਾਈ ਗਈ ਸੀ।

ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇਸ ਹਮਲੇ ਬਾਰੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ ਇਕ ਇਸਲਾਮਿਕ ਦਹਿਸ਼ਤੀ ਕਾਰਾ ਹੈ। ਉਨ੍ਹਾਂ ਨੇ ਫ਼ਰਾਂਸ ਦੀਆਂ ਸੁਰੱਖਿਆ ਏਜੰਸੀਆਂ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਅਤੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਮੁਲਹਾਊਸ ਸ਼ਹਿਰ ਵਿੱਚ ਕਾਂਗੋ ਦੇ ਸਮਰਥਨ ਵਿਚ ਪ੍ਰਦਰਸ਼ਨ ਚੱਲ ਰਿਹਾ ਸੀ।

ਪੁਲਿਸ ਅਨੁਸਾਰ ਹਮਲਾ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵਜੇ ’ਤੇ ਹੋਇਆ। ਪੁਲਿਸ ਸੂਤਰਾਂ ਅਨੁਸਾਰ ਹਮਲਾਵਰ ਦਾ ਜਨਮ ਅਲਜੀਰੀਆ ਵਿਚ ਹੋਇਆ ਸੀ ਅਤੇ ਫ਼ਿਲਹਾਲ ਉਹ ਨਿਆਂਇਕ ਨਿਗਰਾਨੀ ਹੇਠ ਸੀ। ਉਸ ਵਿਰੁਧ ਫ਼ਰਾਂਸ ਤੋਂ ਬਰਖ਼ਾਸਤਗੀ ਦਾ ਹੁਕਮ ਵੀ ਜਾਰੀ ਕੀਤਾ ਗਿਆ ਸੀ ਪਰ ਉਹ ਅਜੇ ਵੀ ਦੇਸ਼ ਵਿਚ ਰਹਿ ਰਿਹਾ ਸੀ।