ਮਲਾਲਾ ਨੂੰ ਆਕਸਫ਼ੋਰਡ ਯੂਨੀਵਰਸਟੀ 'ਚ ਦਾਖ਼ਲਾ ਮਿਲਿਆ
ਲੰਦਨ, 17 ਅਗੱਸਤ : ਪਾਕਿਸਤਾਨ ਦੀ ਨੋਬੇਲ ਜੇਤੂ ਮਲਾਲਾ ਯੁਸੂਫ਼ਜਈ ਨੇ ਆਕਸਫ਼ੋਰਡ ਯੂਨੀਵਰਸਟੀ 'ਚ ਦਾਖ਼ਲਾ ਲਿਆ ਹੈ।
ਲੰਦਨ, 17 ਅਗੱਸਤ : ਪਾਕਿਸਤਾਨ ਦੀ ਨੋਬੇਲ ਜੇਤੂ ਮਲਾਲਾ ਯੁਸੂਫ਼ਜਈ ਨੇ ਆਕਸਫ਼ੋਰਡ ਯੂਨੀਵਰਸਟੀ 'ਚ ਦਾਖ਼ਲਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਉਸ ਨੇ ਟਵੀਟਰ 'ਤੇ ਦਿਤੀ। ਟਵਿਟਰ 'ਤੇ ਮਲਾਲਾ ਨੇ ਲਿਖਿਆ, ''ਆਕਸਫੋਰਡ ਜਾਣ ਲਈ ਬਹੁਤ ਉਤਸ਼ਾਹਿਤ ਹਾਂ।'' ਇਸ ਦੇ ਨਾਲ ਹੀ ਮਲਾਲਾ ਨੇ ਉਸ ਸੰਦੇਸ਼ ਦੀ ਇਕ ਤਸਵੀਰ ਵੀ ਪੋਸਟ ਕੀਤੀ ਹੈ, ਜਿਸ 'ਚ ਉਸ ਨੂੰ ਦਰਸ਼ਨ, ਰਾਜਨੀਤੀ ਅਤੇ ਅਰਥ ਸ਼ਾਸਤਰ ਦੇ ਕੋਰਸ (ਪੀ.ਪੀ.ਈ.) 'ਚ ਦਾਖ਼ਲੇ ਦੀ ਮਨਜ਼ੂਰੀ ਮਿਲੀ ਹੈ। ਬ੍ਰਿਟੇਨ 'ਚ ਸੈਕੰਡਰੀ ਸਕੂਲਾਂ ਦੀ ਅਖੀਰ 'ਚ ਹੋਣ ਵਾਲੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਹੋਣ ਦੇ ਇਕ ਦਿਨ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ।
ਮਲਾਲਾ ਨੇ ਅਪਣੇ ਸਕੂਲ ਦੇ ਨਤੀਜੀਆਂ ਨੂੰ ਤਾਂ ਨਹੀਂ ਵਿਖਾਇਆ ਪਰ ਇੰਨਾ ਜ਼ਰੂਰ ਲਿਖਿਆ, ''ਸਾਰੇ ਏ-ਲੈਵਲ ਦੇ ਵਿਦਿਆਰਥੀਆਂ ਲਈ ਬਹੁਤ ਵਧੀਆ, ਸਭ ਤੋਂ ਔਖਾ ਸਾਲ। ਅੱਗੇ ਦੀ ਜ਼ਿੰਦਗੀ ਲਈ ਸ਼ੁਭਕਾਮਨਾਵਾਂ।'' ਜ਼ਿਕਰਯੋਗ ਹੈ ਕਿ ਮਲਾਲਾ ਉਦੋਂ ਸਿਰਫ਼ 15 ਸਾਲ ਦੀ ਸੀ, ਜਦੋਂ ਤਾਲਿਬਾਨ ਦੇ ਇਕ ਬੰਦੂਕਧਾਰੀ ਨੇ ਉਸ ਦੇ ਸਿਰ ਵਿਚ ਗੋਲੀ ਮਾਰ ਦਿਤੀ ਸੀ। ਸਵਾਤ ਘਾਟੀ 'ਚ ਉਸ ਵੇਲੇ ਮਲਾਲਾ ਅਪਣੇ ਸਕੂਲ ਦੀ ਪ੍ਰੀਖਿਆ ਦੇ ਕੇ ਪਿੰਡ ਵਾਪਸ ਜਾ ਰਹੀ ਸੀ। ਮਲਾਲਾ ਨੇ ਪਾਕਿਸਤਾਨ ਦੀਆਂ ਲੜਕੀਆਂ ਨੂੰ ਪੜ੍ਹਾਈ ਪ੍ਰਤੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਹਮਲੇ ਦੇ ਤੁਰਤ ਬਾਅਦ ਉਸ ਨੂੰ ਇਲਾਜ ਲਈ ਬਰਮਿੰਘਮ ਲਿਜਾਇਆ ਗਿਆ ਅਤੇ ਉਦੋਂ ਤੋਂ ਉਹ ਅਪਣੇ ਪੂਰੇ ਪਰਵਾਰ ਸਣੇ ਬਰਮਿੰਘਮ 'ਚ ਹੀ ਰਹਿ ਰਹੀ ਹੈ। ਇਥੋਂ ਉਸ ਦੀ ਪੜ੍ਹਾਈ ਅਤੇ ਲੜਕੀਆਂ ਦੀ ਸਿਖਿਆ ਨੂੰ ਹੁੰਗਾਰਾ ਦੇਣ ਦੀ ਮੁਹਿੰਮ ਚੱਲ ਰਹੀ ਹੈ। ਮਲਾਲਾ ਨੂੰ 2014 'ਚ ਭਾਰਤ ਦੇ ਕੈਲਾਸ਼ ਸਤਿਆਰਥੀ ਨਾਲ ਸਾਂਝੇ ਤੌਰ 'ਤੇ ਨੋਬੇਲ ਸ਼ਾਂਤੀ ਐਵਾਰਡ ਦਿਤਾ ਗਿਆ ਸੀ। (ਪੀਟੀਆਈ)