'ਪੰਜਾਬੀ ਕਾਵਿ-ਰਿਸ਼ਮਾਂ' ਲੋਕ ਅਰਪਣ
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵਜੋਂ ਜਾਣੀ ਜਾਂਦੀ ਪੰਜਾਬੀ ਸਾਹਿਤਕ ਸੰਸਥਾ ਵਲੋਂ ਅਪਣੇ ਸਮੂਹ ਮੈਂਬਰਾਨ ਦੀਆਂ ਰਚਨਾਵਾਂ ਦੀ ਇਕ ਸਾਂਝੀ ਪੁਸਤਕ..
ਵੈਨਕੂਵਰ, 17 ਅਗੱਸਤ (ਬਰਾੜ-ਭਗਤਾ ਭਾਈ ਕਾ) : ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵਜੋਂ ਜਾਣੀ ਜਾਂਦੀ ਪੰਜਾਬੀ ਸਾਹਿਤਕ ਸੰਸਥਾ ਵਲੋਂ ਅਪਣੇ ਸਮੂਹ ਮੈਂਬਰਾਨ ਦੀਆਂ ਰਚਨਾਵਾਂ ਦੀ ਇਕ ਸਾਂਝੀ ਪੁਸਤਕ 'ਪੰਜਾਬੀ ਕਾਵਿ-ਰਿਸ਼ਮਾਂ' ਇਲਾਕੇ ਦੀਆਂ ਜਾਣੀਆਂ-ਪਹਿਚਾਣੀਆਂ ਸ਼ਖ਼ਸੀਅਤਾਂ, ਸਾਹਿਤਕਾਰਾਂ ਅਤੇ ਸਾਹਿਤ ਨੂੰ ਪ੍ਰੇਮ ਕਰਨ ਵਾਲਿਆਂ ਦੀ ਵੱਡੀ ਗਿਣਤੀ 'ਚ ਲੋਕ ਅਰਪਣ ਕੀਤੀ ਗਈ।
ਪ੍ਰਧਾਨਗੀ ਮੰਡਲ 'ਚ ਹਰਭਜਨ ਮਾਂਗਟ, ਦਰਸ਼ਨ ਸੰਘਾ, ਬਿੱਕਰ ਖੋਸਾ ਅਤੇ ਰੂਪਿੰਦਰ ਖੈਰਾ 'ਰੂਪੀ' ਸੁਸ਼ੋਭਿਤ ਸਨ, ਜਿਨ੍ਹਾਂ ਨੇ ਇਸ ਪੁਸਤਕ ਦੀ ਸੰਪਾਦਨਾ ਕੀਤੀ ਹੈ। ਪ੍ਰਿਤਪਾਲ ਸਿੰਘ ਗਿੱਲ ਅਤੇ ਦਰਸ਼ਨ ਸਿੰਘ ਸੰਘਾ ਨੇ ਇਸ ਸਮਾਗਮ ਦੀ ਸਟੇਜ਼ ਦਾ ਸੰਚਾਲਨ ਇਕ ਵੱਖਰੇ ਅਤੇ ਵਧੀਆ ਤਰੀਕੇ ਨਾਲ ਕੀਤਾ।
ਸਭਾ ਵਲੋਂ ਲੋਕ ਅਰਪਣ ਕੀਤੀ ਗਈ 204 ਸਫ਼ੇ ਦੀ ਅਪਣੀ ਇਸ ਦੂਜੀ ਪੁਸਤਕ 'ਚ 41 ਲੇਖਕਾਂ ਅਤੇ ਲੇਖਕਾਵਾਂ ਦੀਆਂ ਕਾਵਿ ਰੂਪੀ 104 ਰਚਨਾਵਾਂ ਤੋਂ ਇਲਾਵਾ ਉਨ੍ਹਾਂ ਦੀਆਂ ਤਸਵੀਰਾਂ ਅਤੇ ਜੀਵਨ ਵੇਰਵਾ ਵੀ ਅੰਕਿਤ ਹੈ, ਜਿਸ 'ਚ ਉਨ੍ਹਾਂ ਦੀ ਜਨਮ ਭੂਮੀ, ਜਨਮ ਤਾਰੀਖ਼, ਵਿਦਿਅਕ ਯੋਗਤਾ, ਸਾਹਿਤਕ ਸਫ਼ਰ ਅਤੇ ਮਾਤਾ-ਪਿਤਾ ਦਾ ਨਾਂ ਵੀ ਸ਼ਾਮਲ ਹੈ। 34 ਲੇਖਕਾਂ ਅਤੇ 7 ਲੇਖਕਾਵਾਂ ਵਲੋਂ ਅਪਣੀਆਂ ਰਚਨਾਵਾਂ 'ਚ ਵੱਖ-ਵੱਖ ਵਿਸ਼ੇ ਛੋਹੇ ਗਏ ਹਨ।
ਇਸ ਮੌਕੇ ਪਹੁੰਚੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਸਭਾ ਨੂੰ ਮੁਬਾਰਕਬਾਦ ਦਿਤੀ। ਇਸ ਤੋਂ ਇਲਾਵਾ ਸਭਾ ਵਲੋਂ ਹਰ ਸਾਲ ਕਰਵਾਏ ਜਾਂਦੇ ਸਭਾ ਦੇ ਸਾਲਾਨਾ ਦਿਵਸ ਮੌਕੇ ਦੀਆਂ ਰੰਗਦਾਰ ਤਸਵੀਰਾਂ ਵੀ ਇਸ ਪੁਸਤਕ ਦਾ ਸ਼ਿੰਗਾਰ ਹਨ। ਜਿਹੜੇ ਲੇਖਕਾਂ ਦੀਆਂ ਰਚਨਾਵਾਂ ਇਸ ਪੁਸਤਕ 'ਚ ਛਾਪੀਆਂ ਗਈਆਂ ਹਨ ਉਨ੍ਹਾਂ ਸਭਨਾਂ ਨੂੰ ਮੈਡਲਾਂ ਨਾਲ ਸਨਮਾਨਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੀਨੀਅਰ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਅਤੇ ਸੁਰਜੀਤ ਮਾਧੋਪੁਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ।
ਸਭਾ ਦੇ ਪ੍ਰਧਾਨ ਚਰਨ ਸਿੰਘ ਵਿਰਦੀ, ਰਵਿੰਦਰ ਰਵੀ, ਰੁਪਿੰਦਰ ਖੈਰਾ 'ਰੂਪੀ' ਅਤੇ ਹਰਭਜਨ ਮਾਂਗਟ ਵਲੋਂ ਪੁਸਤਕ ਸਬੰਧੀ ਮੁਢਲੇ ਸ਼ਬਦ ਲਿਖੇ ਗਏ ਹਨ, ਜਿਨ੍ਹਾਂ ਨੂੰ ਪੜ੍ਹ ਕੇ ਪੁਸਤਕ ਵਿਚਲੀਆਂ ਰਚਨਾਵਾਂ ਨੂੰ ਸੌਖਿਆਂ ਹੀ ਵਾਚਿਆ ਜਾ ਸਕਦਾ ਹੈ।