ਚੋਣਾਂ ਮਗਰੋਂ ਏਅਰਪੋਰਟ ’ਤੇ ਟਰੰਪ ਦਾ ਜਹਾਜ਼ ਤਰਸਿਆ ਸਵਾਰ ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਅੰਦਾਜ਼ੇ ਮੁਤਾਬਕ ਇਸ ਦੀ ਮੁਰੰਮਤ ਅਤੇ ਦੁਬਾਰਾ ਇਸ ਨੂੰ ਉਡਾਣ ਭਰਨ ਯੋਗ ਬਣਾਉਣ ਲਈ ਵੱਡੀ ਰਕਮ ਦੀ ਲੋੜ ਪਏਗੀ।

Donald Trump 's plane

ਨਿਊਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਿੱਜੀ ਬੋਇੰਗ-757 ਜਹਾਜ਼ ਇਨ੍ਹਾਂ ਦਿਨੀਂ ਨਿਊਯਾਰਕ ਦੇ ਇੱਕ ਨਜ਼ਦੀਕੀ ਹਵਾਈ ਅੱਡੇ ’ਤੇ ਖੜ੍ਹਾ ਕਬਾੜ ਹੋ ਰਿਹਾ ਹੈ। ਇਸ ਜਹਾਜ਼ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਸੋਨੇ ਦਾ ਪਾਣੀ ਚੜ੍ਹਿਆ ਬਾਥਰੂਮ ਹੈ। ਨਾਲ ਹੀ 24 ਕੈਰੇਟ ਸੋਨੇ ਦੇ ਬੱਕਲਸ ਵਾਲੇ ਸੀਟ ਬੈਲਟ ਵੀ ਹਨ। ਇਸ ਤੋਂ ਪਹਿਲਾਂ ਇਸ ਜਹਾਜ਼ ਦੀ ਵਰਤੋਂ ਟਰੰਪ ਦੇ ਫ਼ੋਟੋ ਸ਼ੂਟ, ਚੋਣ ਪ੍ਰਚਾਰ, ਖਾਸ ਦੌਰਿਆਂ ਆਦਿ ਲਈ ਕੀਤੀ ਜਾਂਦੀ ਸੀ।

ਹਾਲਾਂਕਿ ਇਕ ਅੰਗਰੇਜ਼ੀ ਵੈਬਸਾਈਟ ਮੁਤਾਬਕ ਟਰੰਪ ਦੇ ਇਸ ਆਲੀਸ਼ਾਨ ਜਹਾਜ਼ ਨੇ ਨਵੇਂ ਰਾਸ਼ਟਰਪਤੀ ਜੋਅ ਬਾਇਡਨ ਦੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਇਕ ਵਾਰ ਵੀ ਉਡਾਣ ਨਹੀਂ ਭਰੀ ਹੈ। ਇਹ ਇਸ ਲਈ ਕਿਉਂਕਿ ਤਦ ਤੋਂ ਹੀ ਟਰੰਪ ਜਨਤਕ ਜੀਵਨ ਅਤੇ ਯਾਤਰਾਵਾਂ ਤੋਂ ਦੂਰ ਹਨ। ਇਸ ਦਾ ਨਤੀਜਾ ਇਹ ਹੋਇਆ ਕਿ ਟਰੰਪ ਦੇ ਜਹਾਜ਼ ਦਾ ਇਕ ਇੰਜਣ ਖ਼ਰਾਬ ਹੋ ਚੁੱਕਾ ਹੈ। ਉਸ ਦੇ ਕੁਝ ਹਿੱਸੇ ਗ਼ਾਇਬ ਹਨ। ਦੂਜਾ ਇੰਜਣ ਵੀ ਗੜਬੜੀ ਹੋਣ ਕੰਢੇ ਪੁੱਜ ਗਿਆ ਹੈ।

ਇਕ ਅੰਦਾਜ਼ੇ ਮੁਤਾਬਕ ਇਸ ਦੀ ਮੁਰੰਮਤ ਅਤੇ ਦੁਬਾਰਾ ਇਸ ਨੂੰ ਉਡਾਣ ਭਰਨ ਯੋਗ ਬਣਾਉਣ ਲਈ ਵੱਡੀ ਰਕਮ ਦੀ ਲੋੜ ਪਏਗੀ। ਫਿਲਹਾਲ ਟਰੰਪ ਇੰਨਾ ਖ਼ਰਚ ਕਰਨ ਦੇ ਮੂਡ ਵਿਚ ਨਹੀਂ ਹਨ। ਹਾਲਾਂਕਿ ਉਨ੍ਹਾਂ ਦੀ ਮੌਜੂਦਾ ਵਿੱਤੀ ਹਾਲਤ ਨੂੰ ਜਨਤਕ ਨਹੀਂ ਕੀਤਾ ਗਿਆ ਹੈ, ਪਰ ਕੋਰੋਨਾ ਮਹਾਂਮਾਰੀ ਨੇ ਉਨ੍ਹਾਂ ਦੇ ਕਈ ਕਾਰੋਬਾਰਾਂ ’ਤੇ ਮਾੜਾ ਅਸਰ ਪਾਇਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਖੁਲ੍ਹੇ ਆਸਮਾਨ ਹੇਠ ਖੜ੍ਹਨ ਕਾਰਨ ਜਹਾਜ਼ ਦੇ ਇੰਜਣ ਦੀ ਧਾਤੂ ਨੂੰ ਨੁਕਸਾਨ ਪੁੱਜ ਸਕਦਾ ਹੈ।