ਚੀਨ 'ਚ ਹਾਦਸਾਗ੍ਰਸਤ ਹੋਏ ਜਹਾਜ਼ ਦਾ ਬਲੈਕ ਬਾਕਸ ਮਿਲਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਹਾਜ਼ 'ਚ ਸਵਾਰ 133 ਯਾਤਰੀਆਂ 'ਚੋਂ ਕੋਈ ਵੀ ਨਹੀਂ ਸੀ ਬਚਿਆ ਜ਼ਿੰਦਾ 

Black box found from Boeing passenger jet that crashed in China

ਚੀਨ:  ਬੀਤੇ ਦਿਨੀ ਚੀਨ ਦੀਆਂ ਪਹਾੜੀਆਂ ਨਾਲ ਟਕਰਾ ਕੇ ਹਾਦਸਾਗ੍ਰਸਤ ਹੋਏ ਜਹਾਜ਼ ਦਾ 'ਬਲੈਕ ਬਾਕਸ' ਮਿਲ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਚੀਨ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਹਾਦਸਾਗ੍ਰਸਤ ਹੋਏ ਜਹਾਜ਼ ਦੇ ਦੋ ‘ਬਲੈਕ ਬਾਕਸ’ ਮਿਲੇ ਹਨ ਜਿਨ੍ਹਾਂ ਵਿੱਚੋਂ ਇੱਕ ਬਹੁਤ ਹੀ ਖਸਤਾ ਹਾਲਤ ਵਿੱਚ ਮਿਲਿਆ ਹੈ।

ਚੀਨੀ ਅਧਿਕਾਰੀਆਂ ਨੇ ਕਿਹਾ ਕਿ ਰਿਕਾਰਡਰ ਇੰਨਾ ਖਰਾਬ ਹੋ ਗਿਆ ਸੀ ਕਿ ਉਹ ਇਹ ਨਹੀਂ ਦੱਸ ਸਕੇ ਕਿ ਇਹ 'ਫਲਾਈਟ ਡਾਟਾ ਰਿਕਾਰਡਰ' ਸੀ ਜਾਂ 'ਕਾਕਪਿਟ ਵਾਇਸ ਰਿਕਾਰਡਰ'। ਦੱਸਣਯੋਗ ਹੈ ਕਿ ਗੁਆਂਗਸੀ 'ਚ ਹਾਦਸਾਗ੍ਰਸਤ ਹੋਏ ਜਹਾਜ਼ 'ਚ 133 ਯਾਤਰੀ ਸਵਾਰ ਸਨ।

ਜਾਣਕਾਰੀ ਮੁਤਾਬਕ ਇਹ 'ਚਾਈਨਾ ਈਸਟਨ' ਏਅਰਲਾਈਨ ਦਾ 'ਬੋਇੰਗ 737' ਜਹਾਜ਼ ਸੀ, ਜੋ ਟੇਂਗ ਕਾਊਂਟੀ ਦੇ ਵੁਝੋਊ ਸ਼ਹਿਰ ਨੇੜੇ ਹਾਦਸਾਗ੍ਰਸਤ ਹੋ ਗਿਆ ਸੀ। ਦੱਸ ਦੇਈਏ ਕਿ ਦੋ-ਇੰਜਣ ਵਾਲਾ ਬੋਇੰਗ 737 ਛੋਟੀਆਂ ਅਤੇ ਦਰਮਿਆਨੀ ਦੂਰੀ ਦੀਆਂ ਉਡਾਣਾਂ ਲਈ ਦੁਨੀਆ ਦੇ ਸਭ ਤੋਂ ਪ੍ਰਸਿੱਧ ਜਹਾਜ਼ਾਂ ਵਿੱਚੋਂ ਇੱਕ ਹੈ। ਚਾਈਨਾ ਈਸਟਰਨ 737-800 ਅਤੇ 737 MAX ਸਮੇਤ ਕਈ ਤਰ੍ਹਾਂ ਦੇ ਆਮ ਜਹਾਜ਼ਾਂ ਦਾ ਸੰਚਾਲਨ ਕਰਦਾ ਹੈ। 

ਦੱਸ ਦੇਈਏ ਕਿ ਬਲੈਕ ਬਾਕਸ ਦੀ ਵਰਤੋਂ ਫਲਾਈਟ ਜਾਂ ਹੈਲੀਕਾਪਟਰ ਦੇ ਹਾਦਸੇ ਨੂੰ ਟਰੇਸ ਕਰਨ ਲਈ ਕੀਤੀ ਜਾਂਦੀ ਹੈ। ਇਹ ਸੰਤਰੀ ਰੰਗ ਦਾ ਹੁੰਦਾ ਹੈ। ਬਲੈਕ ਬਾਕਸ ਕਿਸੇ ਵੀ ਫਲਾਈਟ ਦੀ ਹਰ ਹਰਕਤ ਨੂੰ ਰਿਕਾਰਡ ਕਰਨ ਲਈ ਕੰਮ ਕਰਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਫਲਾਈਟ ਡਾਟਾ ਰਿਕਾਰਡਰ (FDR) ਵੀ ਕਿਹਾ ਜਾਂਦਾ ਹੈ। ਬਲੈਕ ਬਾਕਸ ਨੂੰ ਸੁਰੱਖਿਅਤ ਰੱਖਣ ਲਈ ਇਸ ਨੂੰ ਟਾਈਟੇਨੀਅਮ ਤੋਂ ਬਣਾਇਆ ਜਾਂਦਾ ਹੈ।