ਜੈਸ਼ੰਕਰ ਨੇ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਦਾਅਵੇ ਨੂੰ ‘ਬੇਤੁਕਾ’ ਕਰਾਰ ਦਿਤਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਨੂੰ ਵੀ ਲੰਮੇ ਹੱਥੀਂ ਲਿਆ, ਕਿਹਾ, ‘ਭਾਰਤ ਹੁਣ ਅਤਿਵਾਦ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ’

Singapore: External Affairs Minister S. Jaishankar pays tribute to Netaji Subhas Chandra Bose, in Singapore. (PTI Photo)

ਸਿੰਗਾਪੁਰ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸਨਿਚਰਵਾਰ ਨੂੰ ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਵਾਰ-ਵਾਰ ਦਾਅਵੇ ਨੂੰ ‘ਬੇਤੁਕਾ’ ਕਰਾਰ ਦਿਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਸਰਹੱਦੀ ਰਾਜ ‘ਭਾਰਤ ਦਾ ਕੁਦਰਤੀ ਹਿੱਸਾ’ ਹੈ। ਅਰੁਣਾਚਲ ਪ੍ਰਦੇਸ਼ ’ਤੇ ਚੀਨ ਦੇ ਅਕਸਰ ਦਾਅਵਿਆਂ ਅਤੇ ਭਾਰਤੀ ਸਿਆਸੀ ਨੇਤਾਵਾਂ ਦੇ ਸੂਬੇ ਦੇ ਦੌਰਿਆਂ ਦੇ ਚੀਨ ਵਲੋਂ ਵਿਰੋਧ ’ਤੇ ਜੈਸ਼ੰਕਰ ਨੇ ਅਪਣੀ ਪਹਿਲੀ ਜਨਤਕ ਟਿਪਣੀ ’ਚ ਕਿਹਾ ਕਿ ਇਹ ਕੋਈ ਨਵਾਂ ਮੁੱਦਾ ਨਹੀਂ ਹੈ।

ਇੱਥੇ ਵੱਕਾਰੀ ਐਨ.ਯੂ.ਐਸ. ਇੰਸਟੀਚਿਊਟ ਆਫ ਸਾਊਥ ਏਸ਼ੀਅਨ ਸਟੱਡੀਜ਼ ’ਚ ਭਾਸ਼ਣ ਦੇਣ ਤੋਂ ਬਾਅਦ ਅਰੁਣਾਚਲ ਮੁੱਦੇ ’ਤੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਇਹ ਕੋਈ ਨਵਾਂ ਮੁੱਦਾ ਨਹੀਂ ਹੈ। ਮੇਰਾ ਮਤਲਬ ਹੈ ਕਿ ਚੀਨ ਨੇ ਦਾਅਵਾ ਕੀਤਾ ਹੈ, ਉਸ ਨੇ ਅਪਣਾ ਦਾਅਵਾ ਦੁਹਰਾਇਆ ਹੈ। ਇਹ ਦਾਅਵੇ ਸ਼ੁਰੂ ਤੋਂ ਹੀ ਬੇਤੁਕੇ ਰਹੇ ਹਨ ਅਤੇ ਅੱਜ ਵੀ ਬੇਤੁਕੇ ਹਨ।’’ ਅਪਣੀ ਕਿਤਾਬ ‘ਵ੍ਹਾਈ ਇੰਡੀਆ ਮੈਟਰਜ਼’ ’ਤੇ ਭਾਸ਼ਣ ਸੈਸ਼ਨ ਤੋਂ ਬਾਅਦ ਸਵਾਲ-ਜਵਾਬ ਸੈਸ਼ਨ ਦੌਰਾਨ ਇਹ ਟਿਪਣੀ ਕੀਤੀ। 

ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਕੁਦਰਤੀ ਹਿੱਸਾ ਹੈ। ਉਨ੍ਹਾਂ ਕਿਹਾ, ‘‘ਇਸ ਲਈ ਮੈਨੂੰ ਲਗਦਾ ਹੈ ਕਿ ਅਸੀਂ ਇਸ ’ਤੇ ਬਹੁਤ ਸਪੱਸ਼ਟ ਹਾਂ ਅਤੇ ਸਾਡਾ ਰਵੱਈਆ ਇਕਸਾਰ ਰਿਹਾ ਹੈ। ਅਤੇ ਮੈਨੂੰ ਲਗਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਇਹ ਅਜਿਹੀ ਚੀਜ਼ ਹੈ, ਜੋ ਵਰਤਮਾਨ ’ਚ ਜਾਰੀ ਸਰਹੱਦੀ ਗੱਲਬਾਤ ਦਾ ਹਿੱਸਾ ਹੈ।’’ ਇਸ ਦੌਰਾਨ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਅਤਿਵਾਦ ਨੂੰ ਇਕ ਉਦਯੋਗ ਦੇ ਤੌਰ ’ਤੇ ਸਪਾਂਸਰ ਕਰ ਰਿਹਾ ਹੈ ਅਤੇ ਭਾਰਤ ਇਸ ਸਮੱਸਿਆ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਕਰਨ ਦੇ ਹੱਕ ’ਚ ਨਹੀਂ ਹੈ। 

ਪਾਕਿਸਤਾਨ ਨਾਲ ਭਾਰਤ ਦੇ ਸਬੰਧਾਂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ, ‘‘ਹਰ ਦੇਸ਼ ਸਥਿਰ ਗੁਆਂਢੀ ਚਾਹੁੰਦਾ ਹੈ। ਜੇ ਹੋਰ ਕੁੱਝ ਨਹੀਂ, ਤਾਂ ਤੁਸੀਂ ਘੱਟੋ ਘੱਟ ਇਕ ਸ਼ਾਂਤ ਗੁਆਂਢ ਚਾਹੁੰਦੇ ਹੋ। ਹਾਲਾਂਕਿ ਬਦਕਿਸਮਤੀ ਨਾਲ ਭਾਰਤ ਦੇ ਨਾਲ ਅਜਿਹਾ ਨਹੀਂ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਪਾਕਿਸਤਾਨ ਭਾਰਤ ਵਿਰੁਧ ਅਤਿਵਾਦ ਨੂੰ ਸਪਾਂਸਰ ਕਰ ਰਿਹਾ ਹੈ। ਤੁਸੀਂ ਉਸ ਗੁਆਂਢੀ ਨਾਲ ਕਿਵੇਂ ਨਜਿੱਠ ਸਕਦੇ ਹੋ ਜੋ ਖੁੱਲ੍ਹੇਆਮ ਇਸ ਤੱਥ ਨੂੰ ਮਨਜ਼ੂਰ ਕਰਦਾ ਹੈ ਕਿ ਉਹ ਅਤਿਵਾਦ ਨੂੰ ਸਰਕਾਰੀ ਸਾਧਨ ਵਜੋਂ ਵਰਤਦਾ ਹੈ।’’

ਉਨ੍ਹਾਂ ਕਿਹਾ, ‘‘ਇਹ ਇਕ ਵਾਰ ਦੀ ਘਟਨਾ ਨਹੀਂ ਹੈ। ਇਹ ਇਕ ਲਗਾਤਾਰ ਹੋਣ ਵਾਲਾ ਵਰਤਾਰਾ ਹੈ, ਲਗਭਗ ਉਦਯੋਗ ਦੇ ਪੱਧਰ ’ਤੇ... ਇਸ ਲਈ ਅਸੀਂ ਇਸ ਸਿੱਟੇ ’ਤੇ ਪਹੁੰਚੇ ਹਾਂ ਕਿ ਸਾਨੂੰ ਇਸ (ਖਤਰੇ) ਨਾਲ ਨਜਿੱਠਣ ਦਾ ਤਰੀਕਾ ਲੱਭਣਾ ਪਵੇਗਾ, ਜਿਸ ਨਾਲ ਸਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਵਿਚ ਮਦਦ ਮਿਲੇਗੀ।’’ ਉਨ੍ਹਾਂ ਇਹ ਵੀ ਕਿਹਾ, ‘‘ਮੇਰੇ ਕੋਲ ਇਸ ਸਮੱਸਿਆ ਦਾ ਕੋਈ ਤੁਰਤ ਹੱਲ ਨਹੀਂ ਹੈ। ਪਰ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਭਾਰਤ ਹੁਣ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ। ਸਾਨੂੰ ਇਕ ਸਮੱਸਿਆ ਹੈ ਅਤੇ ਸਾਨੂੰ ਇਸ ਸਮੱਸਿਆ ਦਾ ਸਾਹਮਣਾ ਕਰਨ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ।’’ ਜੈਸ਼ੰਕਰ ਨੇ ਕਿਹਾ ਕਿ ਭਾਰਤ ਦੀ ਸਥਿਤੀ ਹੁਣ ਅਤਿਵਾਦੀਆਂ ਨੂੰ ਨਜ਼ਰਅੰਦਾਜ਼ ਕਰਨ ਦੀ ਨਹੀਂ ਹੈ। 

ਜੈਸ਼ੰਕਰ ਨੇ ਬੋਸ ਅਤੇ ਆਈ.ਐਨ.ਏ. ਫ਼ੌਜੀਆਂ ਨੂੰ ਸ਼ਰਧਾਂਜਲੀ ਦੇ ਕੇ ਸਿੰਗਾਪੁਰ ਦੌਰੇ ਦੀ ਸ਼ੁਰੂਆਤ ਕੀਤੀ 

ਸਿੰਗਾਪੁਰ: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸਨਿਚਰਵਾਰ ਨੂੰ ਸਿੰਗਾਪੁਰ ਦੀ ਅਪਣੀ ਤਿੰਨ ਦਿਨਾਂ ਯਾਤਰਾ ਦੀ ਸ਼ੁਰੂਆਤ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਇੰਡੀਅਨ ਨੈਸ਼ਨਲ ਆਰਮੀ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰ ਕੇ ਕੀਤੀ। ਜੈਸ਼ੰਕਰ ਨੇ ‘ਐਕਸ’ ’ਤੇ ਲਿਖਿਆ, ‘‘ਨੇਤਾਜੀ ਅਤੇ ਇੰਡੀਅਨ ਨੈਸ਼ਨਲ ਆਰਮੀ ਦੇ ਬਹਾਦਰ ਫ਼ੌਜੀਆਂ ਨੂੰ ਸ਼ਰਧਾਂਜਲੀ ਦੇ ਕੇ ਸਿੰਗਾਪੁਰ ਦੌਰੇ ਦੀ ਸ਼ੁਰੂਆਤ ਕੀਤੀ। ਸਿੰਗਾਪੁਰ ’ਚ ਆਈ.ਐਨ.ਏ. ਯਾਦਗਾਰ ਉਨ੍ਹਾਂ ਦੀ ਦੇਸ਼ ਭਗਤੀ ਅਤੇ ਅਦੁੱਤੀ ਸਾਹਸ ਦੀ ਮਾਨਤਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੀ ਰਹੇਗੀ।’’

ਇਕ ਅਧਿਕਾਰਤ ਬਿਆਨ ਮੁਤਾਬਕ ਜੈਸ਼ੰਕਰ ਅਪਣੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਲੀ ਸਿਏਨ ਲੂਂਗ ਸਮੇਤ ਸਿੰਗਾਪੁਰ ਦੀ ਚੋਟੀ ਦੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ। ਸਿੰਗਾਪੁਰ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਜੈਸ਼ੰਕਰ ਦੀ ਯਾਤਰਾ ਸਿੰਗਾਪੁਰ ਅਤੇ ਭਾਰਤ ਵਿਚਾਲੇ ਨਜ਼ਦੀਕੀ ਦੋਸਤੀ ਨੂੰ ਦਰਸਾਉਂਦੀ ਹੈ ਅਤੇ ਦੋਹਾਂ ਪੱਖਾਂ ਲਈ ਖੇਤਰੀ ਅਤੇ ਗਲੋਬਲ ਵਿਕਾਸ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦੇ ਨਾਲ-ਨਾਲ ਦੁਵਲੇ ਸਹਿਯੋਗ ਵਿਚ ਹੋਈ ਚੰਗੀ ਪ੍ਰਗਤੀ ’ਤੇ ਵਿਚਾਰ ਵਟਾਂਦਰੇ ਨੂੰ ਜਾਰੀ ਰੱਖਣ ਦਾ ਇਕ ਸ਼ਾਨਦਾਰ ਮੌਕਾ ਹੋਵੇਗਾ।