ਪਾਕਿ ਦੇ ਸਕੂਲ 'ਚ ਅੰਮ੍ਰਿਤਧਾਰੀ ਸਿੱਖ ਲੜਕੀ ਦੀ ਉਤਾਰੀ ਦਸਤਾਰ, ਕੀਤੀ ਕੁੱਟਮਾਰ
ਇਹ ਘਟਨਾ ਵਾਰਿਸਪੁਰਾ ਇਲਾਕੇ ਦੇ ‘ਸੇਂਟ ਕੈਥਰੀਨ ਗਰਲਜ਼ ਹਾਈ ਸਕੂਲ' ਦੀ ਹੈ
ਫ਼ੈਸਲਾਬਾਦ: ਪਾਕਿਸਤਾਨ ਦੇ ਫੈਸਲਾਬਾਦ ਜ਼ਿਲ੍ਹੇ ਤੋਂ ਇਕ ਅਤਿ ਮੰਦਭਾਗੀ ਅਤੇ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮਾਨਤਾ ਪ੍ਰਾਪਤ ਕ੍ਰਿਸਚੀਅਨ ਸਕੂਲ ਵਿਚ ਇਕ ਅੰਮ੍ਰਿਤਧਾਰੀ ਸਿੱਖ ਬੱਚੀ ਦੀ ਦਸਤਾਰ ਜਬਰੀ ਉਤਾਰਨ ਅਤੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਵਾਰਿਸਪੁਰਾ ਇਲਾਕੇ ਦੇ ‘ਸੇਂਟ ਕੈਥਰੀਨ ਗਰਲਜ਼ ਹਾਈ ਸਕੂਲ’ ਦੀ ਹੈ। ਪੀੜਤ ਬੱਚੀ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਸਕੂਲ ਪ੍ਰਸ਼ਾਸਨ ਨੇ ਉਸ ਦੀ ਧੀ ਦੀ ਦਸਤਾਰ ਜਬਰੀ ਉਤਾਰ ਦਿਤੀ। ਇੰਨਾ ਹੀ ਨਹੀਂ, ਜਦੋਂ ਬੱਚੀ ਨੇ ਸਕੂਲ ਵਿਚ ਹੋਣ ਵਾਲੀ ਇਸਾਈ ਪ੍ਰਾਰਥਨਾ ਵਿਚ ਹਿੱਸਾ ਲੈਣ ਤੋਂ ਇਨਕਾਰ ਕਰ ਦਿਤਾ ਤਾਂ ਉਸ ਦੇ ਪੇਟ ’ਚ ਲੱਤਾਂ ਅਤੇ ਮੁੱਕੇ ਮਾਰੇ ਗਏ।
ਪੀੜਤ ਬੱਚੀ ਦਮੇ ਦੀ ਮਰੀਜ਼ ਹੈ। ਜਦੋਂ ਉਸ ਦੀ ਭੈਣ ਨੇ ਉਸ ਦੀ ਹਾਲਤ ਵਿਗੜਦੀ ਦੇਖ ਕੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਧਿਆਪਕਾਂ ਨੇ ਉਸ ਨੂੰ ਇਹ ਕਹਿ ਕੇ ਰੋਕ ਦਿਤਾ ਕਿ ਉਹ ਬਿਮਾਰ ਹੋਣ ਦਾ ਨਾਟਕ ਕਰ ਰਹੀ ਹੈ। ਪੀੜਤ ਬੱਚੀ ਦੀ ਮਾਂ ਨੇ ਪਾਕਿਸਤਾਨੀ ਸਿੱਖ ਆਗੂਆਂ ’ਤੇ ਵੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਕਿਸੇ ਨੇ ਵੀ ਉਨ੍ਹਾਂ ਦੀ ਮਦਦ ਨਹੀਂ ਕੀਤੀ। ‘ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ’ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ ਅਤੇ ਸਕੂਲ ਪ੍ਰਸ਼ਾਸਨ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। (ਏਜੰਸੀ)